ਅੰਤਰਰਾਸ਼ਟਰੀ ਯੋਗਾ ਦਿਵਸ ਤੇ ਲੋਕਾਂ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ       

Faridkot

ਫਰੀਦਕੋਟ 19 ਜੂਨ,

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਘਰ ਘਰ ਯੋਗ ਉਪਰਾਲੇ ਤਹਿਤ ਯੋਗਾ ਟਰੇਨਰਾਂ ਵੱਲੋਂ ਜਿਲ੍ਹੇ ਵਿੱਚ 1 ਘੰਟਾ ਸਵੇਰੇ ਅਤੇ 1 ਘੰਟਾ ਸ਼ਾਮ ਨੂੰ ਜਨਤਕ ਥਾਵਾਂ ਤੇ ਸਰੀਰ ਦੀ ਚੁਸਤੀ, ਫੁਰਤੀ ਅਤੇ ਤੰਦਰੁਸਤੀ ਲਈ ਯੋਗਾ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚ ਰਿਹਾ ਹੈ।

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਰੀਦਕੋਟ ਸ. ਨਰਭਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ 55 ਥਾਵਾਂ ਤੇ ਸੀਐੱਮ ਦੀ ਯੋਗਸ਼ਾਲਾ ਸਕੀਮ ਤਹਿਤ ਯੋਗਸ਼ਾਲਾ ਲੱਗ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨੂੰ ਜੰਗੀ ਪੱਧਰ ਤੇ ਘਰ ਘਰ ਪਹੁੰਚਾ ਕੇ ਹਰ ਬਜੁਰਗ, ਬੱਚੇ ਅਤੇ ਨੋਜਵਾਨ ਨੂੰ ਆਪਣੀ ਸਿਹਤ ਪ੍ਰਤੀ ਹੋਰ ਸੁਚੇਤ ਕਰਕੇ ਇਸ ਪੁਰਾਤਨ ਵਿਧੀ, ਯੋਗਾ ਰਾਹੀਂ ਨਿਰੋਗ ਰਹਿਣ ਲਈ ਪ੍ਰੇਰਿਤ ਕਰਨ ਹਿੱਤ 21 ਜੂਨ ਨੂੰ ਜਿਲ੍ਹਾ ਪੱਧਰੀ ਯੋਗ ਦਿਵਸ ਮਨਾਇਆ ਜਾਵੇਗਾ।

ਇਸ ਸਬੰਧੀ ਸ. ਗਰੇਵਾਲ ਨੇ ਨਗਰ ਕੌਂਸਲ, ਦਫਤਰ ਏ.ਡੀ.ਸੀ. (ਡੀ), ਅਤੇ ਹੋਰ ਮਹਿਕਮਿਆਂ ਦੇ ਨੁੰਮਾਇੰਦਿਆਂ ਨਾਲ ਮੀਟਿੰਗ ਕਰਕੇ ਹੋਣ ਵਾਲੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ।

ਉਨ੍ਹਾਂ ਦੱਸਿਆ ਕਿ ਇਸ ਵਿਧੀ ਤਹਿਤ ਹਰ ਇੱਕ ਆਸਣ ਸਬੰਧੀ ਲੋਕਾਂ ਨੂੰ ਅਭਿਆਸ ਕਰਵਾ ਕੇ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਿਧੀ ਨੂੰ ਹਰ ਰੋਜ਼ ਦੁਹਰਾ ਕੇ ਲੋਕਾਂ ਨੂੰ ਨਿਰੋਗ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਯੋਗ ਗੁਰੂ ਨਿਯੁਕਤ ਕੀਤੇ ਗਏ ਹਨ, ਜੋ ਕਿ ਤਾੜ ਆਸਣ, ਅਰਧ ਚੱਕਰ ਆਸਣ, ਚੱਕਰ ਆਸਣ, ਪਵਨ ਮੁਕਤ ਆਸਣ, ਪਦਮਾਸਣ ਆਦਿ ਬਾਰੇ ਜਾਣਕਾਰੀ ਦਿੰਦੇ ਹਨ।

   ਉਨ੍ਹਾਂ ਦੱਸਿਆ ਕਿ ਅੱਜ ਵੀ ਇਸੇ ਲੜੀ ਤਹਿਤ ਸਥਾਨਕ ਰੋਜ਼ ਇਨਕਲੇਵ ਵਿੱਚ ਮਾਹਿਰ ਯੋਗਾ ਟਰੇਨਰ ਵੱਲੋਂ ਯੋਗਾ ਆਸਣ ਦੇ ਅਭਿਆਸ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਵੇਰੇ ਅਤੇ ਸ਼ਾਮ ਵੱਖ ਵੱਖ ਸ਼ੈਸ਼ਨਾਂ ਵਿੱਚ ਵੱਖ ਵੱਖ ਮੁਹੱਲਿਆਂ, ਪਾਰਕਾਂ ਆਦਿ ਵਿੱਚ ਯੋਗਾਂ ਦੀਆਂ ਕਲਾਸਾਂ ਲੱਗ ਰਹੀਆਂ ਹਨ।

                   ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਹੈਲਪਲਾਈ ਨੰਬਰ 76694-00500 ਸਥਾਪਿਤ ਕੀਤਾ ਹੈ, ਜਿਸ ਤੇ ਮੁਫਤ ਯੋਗ ਕਲਾਸਾਂ ਆਪਣੇ ਮੁਹੱਲੇ ਵਿੱਚ ਲਗਾਉਣ ਲਈ ਲੋਕ ਮਿਸ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ cmdiyogsala.punjab.gov.in ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ਤੇ ਮਿਸ ਕਾਲ ਦੇ ਸਕਦੇ ਹਨ। ਮਾਹਿਰ ਯੋਗ ਟ੍ਰੇਨਰ ਉਨ੍ਹਾਂ ਨੂੰ ਖੁੱਲ੍ਹੇ ਪਾਰਕਾਂ ਤੇ ਹੋਰ ਸਰਵਜਨਿਕ ਸਥਾਨਾਂ ਤੇ ਮੁਫਤ ਯੋਗ ਕਲਾਸਾਂ ਦੇਣਗੇ।