ਫਾਜ਼ਿਲਕਾ, 18 ਜੂਨ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਫਾਜ਼ਿਲਕਾ ਤੇ ਜਲਾਲਾਬਾਦ ਤਹਿਸੀਲ ਦੇ 205 ਪਿੰਡਾਂ ਦੇ ਲੋਕਾਂ ਦੀ ਦਹਾਕਿਆਂ ਪੁਰਾਣੀ ਪੀਣ ਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਲਈ ਪਿੰਡ ਘੱਟਿਆਂ ਵਾਲੀ ਵਿਖੇ ਨਹਿਰੀ ਪਾਣੀ ਤੇ ਅਧਾਰਤ ਮੈਗਾ ਵਾਟਰ ਵਰਕਸ ਬਣਾਇਆ ਜਾ ਰਿਹਾ ਹੈ, ਜਿਸ ਨਾਲ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇੰਨ੍ਹਾਂ ਪਿੰਡਾਂ ਦੀ ਸਾਫ ਪਾਣੀ ਦੀ ਆਸ ਆਜਾਦੀ ਦੇ 77 ਸਾਲ ਬਾਅਦ ਪੂਰੀ ਹੋਣ ਜਾ ਰਹੀ ਹੈ।
ਇਸ ਪ੍ਰੌਜੈਕਟ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇਸ ਪ੍ਰੋਜ਼ੈਕਟ ਦੇ ਪੂਰਾ ਹੋਣ ਨਾਲ ਇੱਥੋਂ ਪਾਇਪ ਰਾਹੀਂ ਸਾਰੇ ਪਿੰਡਾਂ ਨੂੰ ਸਾਫ ਪਾਣੀ ਮੁਹਈਆ ਕਰਵਾਇਆ ਜਾਵੇਗਾ। ਇਸ ਦੇ ਨਿਰਮਾਣ ਤੇ 185 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ।
ਜਿਕਰਯੋਗ ਹੈ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿਚ ਛਿਮਾਹੀ ਨਹਿਰਾਂ ਹੋਣ ਕਾਰਨ ਜਿਆਦਾਤਰ ਜਲ ਸਪਲਾਈ ਸਕੀਮਾਂ ਟਿਊਬਵੈਲ ਦੇ ਪਾਣੀ ਨਾਲ ਚਲਾਈਆਂ ਜਾਂਦੀਆਂ ਸਨ ਅਤੇ ਧਰਤੇ ਹੇਠਲੇ ਪਾਣੀ ਵਿਚ ਭਾਰੀਆਂ ਧਾਂਤਾਂ ਸਮੇਤ ਹਾਨੀਕਾਰਕ ਤੱਤ ਪਾਏ ਜਾਣ ਕਾਰਨ ਇਹ ਪਾਣੀ ਪੀਣ ਨਾਲ ਲੋਕਾਂ ਵਿਚ ਬਿਮਾਰੀਆਂ ਦੀ ਦਰ ਜਿਆਦਾ ਸੀ। ਇਸ ਲਈ ਦਹਾਕਿਆਂ ਤੋਂ ਇਹ ਸਰਹੱਦੀ ਪਿੰਡਾਂ ਦੇ ਲੋਕ ਪੀਣ ਦੇ ਸਾਫ ਪਾਣੀ ਦੀ ਉਡੀਕ ਕਰ ਰਹੇ ਸਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਇੰਨ੍ਹਾਂ ਦੀ ਇਹ ਪਿਆਸ ਜਲਦ ਮੁਕਾ ਦੇਣ ਦਾ ਫੈਸਲਾ ਕੀਤਾ ਹੈ।ਜਿਕਰਯੋਗ ਹੈ ਕਿ ਗੰਦੇ ਪਾਣੀ ਦਾ ਸਰਾਪ ਝੱਲ ਰਹੇ ਇੰਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਦ ਪਹੁੰਚੇ ਸੀ ਜਦ ਉਹ ਹਾਲੇ ਸਿਆਸਤ ਵਿਚ ਨਹੀਂ ਸੀ ਆਏ ਤੇ ਹੁਣ ਜਦ ਉਹ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਇੰਨ੍ਹਾਂ ਪਿੰਡਾਂ ਦੀ ਦਹਾਕਿਆਂ ਪੁਰਾਣੀ ਸਮੱਸਿਆ ਦਾ ਸਥਾਈ ਹਲ ਕਰਨ ਦਾ ਰਾਹ ਲੱਭਿਆ ਹੈ।
ਇਸ ਲਈ ਘੱਟਿਆਂ ਵਾਲੀ ਵਿਖੇ ਵੱਡਾ ਵਾਟਰ ਵਰਕਸ ਬਣ ਰਿਹਾ ਹੈ ਜਿਸਦੀ ਸਮਰਥਾਂ 34 ਐਮਐਲਡੀ ਹੈ। ਇਸ ਨੁੰ ਗੰਗ ਕੈਨਾਲ ਨਹਿਰ ਤੋਂ ਪਾਣੀ ਮਿਲੇਗਾ ਜੋ ਕਿ ਸਾਲ ਦਾ ਜਿਆਦਾਤਰ ਹਿੱਸਾ ਚਲਦੀ ਹੈ। ਇਸ ਕਾਰਨ ਇਸ ਵਿਚ ਪਾਣੀ ਦੀ ਕਮੀ ਕਦੇ ਨਹੀਂ ਆਵੇਗੀ। ਨਹਿਰੀ ਪਾਣੀ ਹੋਣ ਕਾਰਨ ਇਹ ਭਾਰੀਆਂ ਧਾਂਤਾਂ ਤੋਂ ਵੀ ਮੁਕਤ ਹੋਵੇਗਾ।
ਇੱਥੋਂ ਇਹ ਪਾਣੀ ਪਾਈਪਾਂ ਰਾਹੀਂ ਜਲਾਲਾਬਾਦ ਅਤੇ ਫਾਜ਼ਿਲਕਾ ਦੇ 205 ਪਿੰਡਾਂ ਦੇ 42406 ਘਰਾਂ ਵਿਚ ਰਹਿੰਦੇ 235114 ਲੋਕਾਂ ਨੂੰ ਸਾਫ ਪਾਣੀ ਮਿਲੇਗਾ। ਇਸ ਲਈ 261 ਕਿਲੋਮੀਟਰ ਲੰਬੀ ਨਵੀਂ ਪਾਈਪ ਪਾਈ ਜਾਣੀ ਹੈ ਜਿਸ ਵਿਚੋਂ 118 ਕਿਲੋਮੀਟਰ ਪਾਈਪ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਵਾਟਰ ਵਰਕਸ ਦਾ 44 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ।ਇੱਥੋਂ ਫਾਜ਼ਿਲਕਾ ਬਲਾਕ ਦੇ 74, ਅਰਨੀਵਾਲਾ ਬਲਾਕ ਦੇ 9 ਅਤੇ ਜਲਾਲਾਬਾਦ ਬਲਾਕ ਦੇ 122 ਪਿੰਡਾਂ ਨੂੰ ਸਾਫ ਪਾਣੀ ਮਿਲੇਗਾ।
ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਇੱਥੋਂ ਸਾਫ ਪਾਣੀ ਪਿੰਡ ਪਿੰਡ ਪਹੁੰਚੇਗਾ ਅਤੇ ਅੱਗੋਂ ਪਿੰਡਾਂ ਵਿਚ ਬਣੇ ਜਲ ਸਪਲਾਈ ਨੈਟਵਰਕ ਨਾਲ ਇਹ ਪਾਣੀ ਟੂਟੀ ਰਾਹੀਂ ਹਰੇਕ ਘਰ ਤੱਕ ਪੁੱਜੇਗਾ।