ਬਠਿੰਡਾ, 17 ਜੂਨ : ਸਥਾਨਕ ਸਟੇਟ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵਲੋਂ ਆਸ-ਪਾਸ ਦੇ ਇਲਾਕੇ ਦੇ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਲਈ ਉਦਮਿਤਾ ਅਤੇ ਸਕਿੱਲ ਵਿਕਸਿਤ ਕਰਨ ਦੇ ਟੀਚੇ ਨੂੰ ਲੈ ਕੇ ‘ਹੁਨਰ ਸੇ ਰੁਜ਼ਗਾਰ ਤੱਕ’ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਆਈ.ਐਚ.ਐਮ ਦੇ ਪ੍ਰਿੰਸੀਪਲ ਮੈਡਮ ਰਾਜਨੀਤ ਕੋਹਲੀ ਨੇ ਸਾਂਝੀ ਕੀਤੀ।
ਪ੍ਰੋਗਰਾਮ ਕੋਆਰਡੀਨੇਟਰ ਰੀਤੂ ਬਾਲਾ ਗਰਗ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਅਧੀਨ ਚਲਦੇ ਇਸ ਪ੍ਰੋਗਰਾਮ ਦੇ ਅੰਤਰਗਤ ਸਿੱਖਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣੇ ਸਿਖਾਏ ਜਾਂਦੇ ਹਨ। ਆਈ.ਐਚ.ਐਮ ਬਠਿੰਡਾ ਤੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੀ ਟ੍ਰੇਨਿੰਗ ਲੈ ਕੇ ਸਿਖਿਆਰਥੀ ਆਪਣਾ ਕੰਮ ਜਿਵੇਂ ਢਾਬਾ, ਰੈਸਟੋਰੇਂਟ ਸ਼ੁਰੂ ਕਰ ਸਕਦੇ ਹਨ ਜਾਂ ਨੌਕਰੀ ਲੈਣ ਦੇ ਯੋਗ ਹੋ ਜਾਂਦੇ ਹਨ।
ਸਥਾਨਕ ਆਈ.ਐਚ.ਐਮ ਵਿਖੇ ਟ੍ਰੇਨਿੰਗ ਪ੍ਰਾਪਤ ਕਰ ਰਹੇ ਸਿੱਖਿਆਰਥੀਆਂ ਲਈ ਅੱਖਾਂ ਦਾ ਚੈਕ-ਅੱਪ ਕੈਂਪ ਲਗਵਾਇਆ ਗਿਆ। ਇਸ ਕੈਂਪ ਵਿੱਚ ਡਾ. ਗੌਰਵ ਗੁਪਤਾ, ਐਮ.ਡੀ. ਆਈ ਸਿਓਰ, ਹਸਪਤਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਿਖਿਆਰਥੀਆਂ ਦੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਆਈ.ਐਚ.ਐਮ ਦੇ ਪ੍ਰਿੰਸੀਪਲ ਮੈਡਮ ਰਾਜਨੀਤ ਕੋਹਲੀ ਨੇ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਕਿੱਲ ਸਿੱਖਣ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸਿਹਤ ਅਵੈਅਰਨੈਸ ਸੰਬੰਧੀ ਕੈਂਪਾਂ ਦਾ ਆਯੋਜਨ ਸਮੇਂ-ਸਮੇਂ ਅਨੁਸਾਰ ਕੀਤਾ ਜਾਇਆ ਕਰਗਾ।
ਇਸ ਕੈਂਪ ਦੌਰਾਨ ਪ੍ਰਸ਼ਾਸ਼ਕੀ ਅਫਸਰ ਸ਼੍ਰੀ ਰਾਜ ਕੁਮਾਰ ਸਿੰਗਲਾ ਅਤੇ ਲੈਕਚਰਾਰ ਸੁਰਿੰਦਰ ਸਿੰਘ ਚੌਹਾਨ ਆਦਿ ਵੀ ਸ਼ਾਮਿਲ ਸਨ।