ਫਾਜ਼ਿਲਕਾ 15 ਜੂਨ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਪਸ਼ੂ ਪਾਲਕਾਂ ਦੇ ਹਿੱਤ ਲਈ ਵੱਡੇ ਉਪਰਾਲਿਆਂ ਦੀ ਲੜੀ ਤਹਿਤ ਜ਼ਿਲ੍ਹੇ ਵਿੱਚ ਦੁਧਾਰੂ ਜਾਨਵਰਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਸਰਕਾਰ ਵੱਲੋਂ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਨੇ ਮੂੰਹ ਖੁਰ ਅਤੇ ਲੰਪੀ ਸਕਿਨ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਦੀ ਮੁਹਿੰਮ ਪੂਰੀ ਕਰ ਲਈ ਹੈ ਜਦਕਿ ਗਲ ਘੋਟੂ ਦੀ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਜਾਰੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਨੇ ਦਿੱਤੀ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੱਝਾਂ ਤੇ ਗਾਂਵਾਂ ਵਿਚ ਮੂੰਹ ਖੁਰ ਅਤੇ ਗਾਂਵਾਂ ਵਿੱਚ ਲੰਪੀ ਸਕਿਨ ਬਿਮਾਰੀ ਤੋਂ ਬਚਾਓ ਲਈ ਮੁਫਤ ਟੀਕਾਕਰਨ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ ਮੂੰਹ ਖੁਰ ਤੋਂ ਬਚਾਓ ਲਈ 3 ਲੱਖ 17 ਹਜਾਰ ਜਾਨਵਰਾਂ ਨੂੰ ਵੈਕਸੀਨ ਲਗਾਈ ਗਈ ਹੈ ਜਦਕਿ ਲੰਪੀ ਸਕਿਨ ਤੋਂ ਬਚਾਓ ਲਈ ਇੱਕ ਲੱਖ 50 ਹਜਾਰ ਗਾਵਾਂ ਨੂੰ ਵੈਕਸੀਨ ਲਗਾਈ ਗਈ ਹੈ।ਇਸ ਤੋਂ ਬਿਨਾਂ ਗਲ ਘੋਟੂ ਬਿਮਾਰੀ ਤੋਂ ਬਚਾਓ ਲਈ ਜ਼ਿਲ੍ਹੇ ਵਿੱਚ 2,85,300 ਜਾਨਵਰਾਂ ਨੂੰ ਵੈਕਸੀਨ ਲਗਾਈ ਜਾਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਵਿੱਚੋਂ ਹੁਣ ਤੱਕ 1 ਲੱਖ 95 ਹਜਾਰ 600 ਜਾਨਵਰਾਂ ਦੇ ਵੈਕਸੀਨ ਲਗਾਈ ਜਾ ਚੁੱਕੀ ਹੈ। ਗਲ ਘੋਟੂ ਦੀ ਵੈਕਸੀਨ ਦੀ ਫੀਸ ਪ੍ਰਤੀ ਜਾਨਵਰ 5 ਰੁਪਏ ਰੱਖੀ ਗਈ ਹੈ ਜਦ ਕਿ ਮੁੰਹ ਖੁਰ ਅਤੇ ਲੰਪੀ ਸਕਿਨ ਦੀ ਵੈਕਸੀਨ ਮੁਫ਼ਤ ਲਗਾਈ ਗਈ ਹੈ। ਇਸ ਤੋਂ ਬਿਨਾਂ ਜਾਨਵਰਾਂ ਨੂੰ ਪਰਜੀਵੀ ਰਹਿਤ ਵੀ ਕੀਤਾ ਗਿਆ ਹੈ ।