ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਕੰਮ ਕਰਦੇ 4 ਨਾਬਾਲਗ ਬੱਚਿਆਂ ਨੂੰ ਕੀਤਾ ਰੈਸਕਿਊ

Bathinda

ਬਠਿੰਡਾ, 11 ਜੂਨ : ਜ਼ਿਲ੍ਹ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਵਨੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਾਲ ਤੇ ਕਿਸ਼ੋਰ ਮਜ਼ਦੂਰੀ ਪ੍ਰਥਾ ਨੂੰ ਖਤਮ ਕਰਨ ਲਈ ਕਿਰਤ ਵਿਭਾਗ ਵਲੋਂ ਸਾਲ ’ਚ ਦੋ ਵਾਰ ਬਾਲ ਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ ਮਨਾਇਆ ਜਾਂਦਾ ਹੈ। ਜਿਸ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ 21 ਜੂਨ 2024 ਤੱਕ ਬਾਲ ਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਵਨੀਤ ਕੌਰ ਨੇ ਦੱਸਿਆ ਕਿ ਅੱਜ ਬਾਲ ਮਜ਼ਦੂਰੀ ਦੇ ਪਹਿਲੇ ਦਿਨ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਕੰਮ ਕਰਦੇ 04 ਨਾਬਾਲਗ ਬੱਚਿਆਂ (ਬਿਹਾਰ ਦੇ ਰਹਿਣ ਵਾਲੇ) ਨੂੰ ਰੈਸਕਿਊ ਕੀਤਾ ਹੈ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਅੱਗੇ ਦੱਸਿਆ ਕਿ ਜੂਵੇਨਾਇਲ ਜਸਟਿਸ (ਜੇਜੇ) ਐਕਟ ਤਹਿਤ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਜਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਦ ਤੱਕ ਬੱਚਿਆਂ ਦੇ ਮਾਂ-ਬਾਪ ਨਹੀਂ ਮਿਲਦੇ ਉਨ੍ਹੀਂ ਦੇਰ ਤੱਕ ਬੱਚਿਆਂ ਨੂੰ ਸਥਾਨਕ ਚਿਲਡਰਨ ਹੋਮ ਵਿਖੇ ਰੱਖਿਆ ਜਾਵੇਗਾ।

ਇਸ ਮੌਕੇ ਸਿਹਤ, ਸਿੱਖਿਆ, ਬਾਲ ਭਲਾਈ ਕਮੇਟੀ, ਲੇਬਰ ਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਆਦਿ ਹਾਜ਼ਰ ਸਨ।