ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਸਫਲ ਕਾਸ਼ਤ ਸਬੰਧੀ ਮੀਟਿੰਗ

Bathinda

 ਬਠਿੰਡਾ, 7 ਜੂਨ- ਮੁੱਖ ਖੇਤੀਬਾੜੀ ਅਫਸਰ, ਬਠਿੰਡਾ ਡਾ.ਕਰਨਜੀਤ ਸਿੰਘ ਗਿੱਲ ਨੇ ਖੇਤੀ ਭਵਨ ਬਠਿੰਡਾ ਵਿਖੇ ਸਮੂਹ ਬਲਾਕਾਂ ਦੇ ਫੀਲਡ ਸਟਾਫ ਨਾਲ ਝੋਨੇ ਦੀ ਸਿੱਧੀ ਬਿਜਾਈ  ਅਤੇ ਨਰਮੇ ਦੀ ਸਫਲ ਕਾਸ਼ਤ ਸਬੰਧੀ ਮੀਟਿੰਗ ਕੀਤੀ। ਇਸ ਦੌਰਾਨ ਡਾ. ਗਿੱਲ ਨੇ ਹਾਊਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿੱਚ ਨਰਮੇ ਦੀ ਬਿਜਾਈ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਹੁਣ ਤੱਕ ਨਰਮੇ ਦੀ ਬਿਜਾਈ ਹੇਠ ਲਗਭਗ 14500 ਹੈਕ. ਰਕਬਾ ਕਵਰ ਹੋ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲੇ ਵਿੱਚ ਲਗਭਗ 4000 ਹੈਕ. ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਜੋ ਕਿ ਇਸ ਸਾਲ ਵੀ ਵੱਧ ਤੋ ਵੱਧ ਰਕਬਾ ਸਿੱਧੀ ਬਿਜਾਈ ਹੇਠ ਲਿਆਂਦਾ ਜਾਵੇਗਾ।

                   ਡਾ. ਗਿੱਲ ਵੱਲੋ ਸਮੂਹ ਫੀਲਡ ਸਟਾਫ ਨੂੰ ਕਿਹਾ ਗਿਆ ਕਿ ਉਨ੍ਹਾਂ ਵੱਲੋ ਕਿਸਾਨ ਸਿਖਲਾਈ ਕੈਂਪਾਂ ਅਤੇ ਨੁੱਕੜ ਮੀਟਿੰਗਾਂ ਰਾਹੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰੋਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨਨਿਧੀ ਯੋਜਨਾ ਬਾਰੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 69 ਪ੍ਰਤੀਸ਼ਤ ਕਿਸਾਨਾਂ ਦੀ ਈ-ਕੇ ਵਾਈ ਸੀ ਹੋ ਚੁੱਕੀ ਹੈ, ਇਸ ਸਬੰਧੀ ਵੀ ਕਿਸਾਨਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਅਤੇ ਜਲਦੀ ਤੋ ਜਲਦੀ ਈ-ਕੇ ਵਾਈ ਸੀ ਦਾ ਕੰਮ ਮੁਕੰਮਲ ਕਰਵਾਇਆ ਜਾਵੇ।

                   ਉਹਨਾਂ ਨੇ ਦੱਸਿਆ ਕਿ ਪਿੰਡਾਂ/ਖੇਤਾਂ ਵਿੱਚ ਮਿਲਣ ਵਾਲੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਡੀਲਰਾਂ ਤੋਂ ਨਰਮੇ ਦੇ ਬੀਜ ਅਤੇ ਹੋਰ ਇੰਨਪੁਟਸ ਦੇ ਪੱਕੇ ਬਿੱਲ ਲਏ ਜਾਣ ਤਾਂ ਜੋ ਉਨ੍ਹਾਂ ਨੂੰ ਕਲੱਸਟਰ ਵਿੱਚ ਸ਼ਾਮਲ ਕਰਕੇ ਬਣਦਾ ਲਾਭ ਦਿੱਤਾ ਜਾ ਸਕੇ ਅਤੇ ਫਸਲ ਤੇ ਕੇਵਲ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਦੀ ਹੀ ਵਰਤੋਂ ਕੀਤੀ ਜਾਵੇ।

                        ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਕੁਆਲਿਟੀ ਕੰਟਰੋਲ ਦਾ ਕੰਮ ਦਿੱਤੇ ਗਏ ਟੀਚੇ ਅਨੁਸਾਰ ਸਮੇਂ-ਸਿਰ ਪੂਰਾ ਕਰ ਲਿਆ ਜਾਵੇ। ਡੀਲਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਉਚ-ਮਿਆਰੀ ਇੰਨਪੁਟਸ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਨੇ ਆਤਮਾ ਸਕੀਮ ਅਧੀਨ ਨਰਮੇ ਦੇ ਪ੍ਰਦਰਸ਼ਨੀ ਪਲਾਟਾਂ ਦੀਆਂ ਲਿਸਟਾਂ ਤਿਆਰ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਫਾਰਮ ਫੀਲਡ ਸਕੂਲ ਅਧੀਨ ਸਿਲੈਕਟ ਕੀਤੇ ਡੈਮੋ ਦੀ ਮਿੱਟੀ ਪਰਖ ਕਰਵਾਉਣੀ ਯਕੀਨੀ ਬਣਾਈ ਜਾਵੇ।

                   ਮੀਟਿੰਗ ਵਿੱਚ ਡਾ.ਹਰਬੰਸ ਸਿੰਘ ਏ.ਐਮ.ਓ ਬਠਿੰਡਾ, ਡਾ.ਬਲਜਿੰਦਰ ਸਿੰਘ ਏ.ਓ.ਬਠਿੰਡਾ,ਡਾ.ਗੁਰਬਿੰਦਰ ਸਿੰਘ ਏ.ਓ.ਮੌੜ, ਡਾ.ਜਸਕਰਨ ਸਿੰਘ ਏ.ਓ.ਨਥਾਣਾ, ਡਾ.ਹਰਪ੍ਰੀਤ ਸ਼ਰਮਾ ਐਸ.ਟੀ.ਓ.ਬਠਿੰਡਾ,ਡਾ.ਤੇਜਦੀਪ ਕੌਰ, ਪ੍ਰੋਜੈਕਟ ਡਾਇਰੈਕਟਰ (ਆਤਮਾ) ਬਠਿੰਡਾ ਸਮੇਤ ਜ਼ਿਲ੍ਹੇ ਦਾ ਸਮੂਹ ਤਕਨੀਕੀ ਸਟਾਫ ਹਾਜ਼ਰ ਸੀ।