ਵਿਦਿਅਕ ਸੰਸਥਾ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਅਪਰਾਧ

Ferozepur

ਫ਼ਿਰੋਜ਼ਪੁਰ,30 ਮਈ(             ) ਕਾਰਜਕਾਰੀ ਸਿਵਲ ਸਰਜਨ ਡਾ ਮੀਨਾਕਸ਼ੀ ਅਬਰੋਲ ਦੇ ਦਿਸ਼ਾ ਨਿਰਦੇਸ਼ਾਂ  ਹੇਠ ਜਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਤੰਬਾਕੂ ਦੇ ਵਾਤਾਵਰਨ ਅਤੇ ਮਨੁੱਖੀ ਸ਼ਰੀਰ ਤੇ ਪੈਂਦੇ ਦੁਸ਼ਪ੍ਰਭਾਵ ਅਤੇ ਕੋਟਪਾ ਐਕਟ 2003 ਬਾਰੇ ਜਾਣਕਾਰੀ ਦਿੱਤੀ ਗਈ। 

                     ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੈਡੀਕਲ ਸਪੈਸ਼ਲਿਸਟ ਡਾ ਜਤਿੰਦਰ ਕੋਛੜ ਨੇ ਕਿਹਾ ਕਿ ਇਸ ਵਰ੍ਹੇ ਵਿਸ਼ਵ ਤੰਬਾਕੂ ਰਹਿਤ ਦਿਹਾੜਾ ” ਬੱਚਿਆਂ ਨੂੰ ਤੰਬਾਕੂ ਉਦਯੋਗ ਦੀ ਦਖਲਅੰਦਾਜ਼ੀ ਤੋਂ ਬਚਾਉਣਾ ”  ਥੀਮ ਹੇਠ ਮਨਾਇਆ ਜਾ ਰਿਹਾ ਹੈ। ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਮਾਨਸਿਕ, ਆਰਥਿਕ ਤੇ ਸਰੀਰਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਤੰਬਾਕੂ ਵਿੱਚ ਚਾਰ ਹਜ਼ਾਰ ਜ਼ਹਿਰੀਲੇ ਤੱਤ ਹੁੰਦੇ ਹਨ ਜਿਸ ਵਿਚ ਨਿਕੋਟੀਨ ਬਹੁਤ ਭਿਆਨਕ  ਹੁੰਦਾ ਹੈ। ਮਨੁੱਖੀ ਸ਼ਰੀਰ ਤੇ ਇਸਦਾ ਬਹੂਤ ਘਾਤਕ ਅਸਰ ਹੁੰਦਾਂ ਹੈ। ਬੀੜੀ, ਸਿਗਰੇਟ, ਗੁਟਖਾ, ਪੈਨ ਮਸਾਲਾ, ਈ-ਸਿਗਰੇਟ, ਹੁੱਕਾ ਆਦਿ ਤੰਬਾਕੂ ਪਦਾਰਥਾਂ ਦੀ ਸੂਚੀ ਵਿਚ ਸ਼ਾਮਿਲ ਹਨ । ਸਿਗਰੇਟਨੋਸ਼ੀ ਫੇਫੜੇ, ਦਿਲ ਅਤੇ ਸ਼ਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। 

              ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਭਾਰਤ ਵਿਚ ਅੱਜੇ ਵੀ 35 ਪ੍ਰਤੀਸ਼ਤ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ ਜਿਸ ਵਿਚੋਂ 9 ਪ੍ਰਤੀਸ਼ਤ ਲੋਕ ਪੀਣ ਵਾਲਾ ਤੰਬਾਕੂ ਜਿਵੇਂ ਸਿਗਰਟ ਬੀੜੀ, 21 ਪ੍ਰਤੀਸ਼ਤ ਲੋਕ ਖਾਣ ਦੇ ਰੂਪ ਵਿਚ ਇਸਦਾ ਸੇਵਨ ਕਰਦੇ ਹਨ ਅਤੇ 5 ਪ੍ਰਤੀਸ਼ਤ ਉਹ ਲੋਕ ਹਨ ਜਿਹੜੇ ਤੰਬਾਕੂ ਦੇ ਦੋਨੋ ਰੂਪ ਦਾ ਸੇਵਨ ਕਰਦੇ ਹਨ। ਉਹਨਾਂ ਕਿਹਾ ਕਿ ਲੋਕ ਹੁੱਕੇ ਦਾ ਪ੍ਰਯੋਗ ਸਮੂਹਿਕ ਰੂਪ ਵਿਚ ਕਰਦੇ ਨੇ ਜਿਸ ਨਾਲ ਇਹ ਸੰਕ੍ਰਮਣ ਰੋਗ ਇਕ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ । ਤੰਬਾਕੂ ਸੇਵਨ ਨਾਲ ਸ਼ਰੀਰ ਦੇ ਫੇਫਡ਼ਿਆਂ ਤੇ ਸੱਭ ਤੋਂ ਜਿਆਦਾ ਅਸਰ ਪੈਂਦਾ ਹੈ ਅਤੇ ਕੋਰੋਨਾ ਵਾਇਰਸ ਵੀ ਫੇਫੜਿਆਂ ਤੇ ਅਸਰ ਪਾਉਂਦਾ ਹੈ । ਇਸ ਨਾਲ ਕਈ ਘਾਤਕ ਬਿਮਾਰੀਆਂ ਜਿਗਰ ਰੋਗ, ਮੂੰਹ ਦਾ ਕੈਂਸਰ, ਪ੍ਰਜਨਨ ਸ਼ਕਤੀ ਉੱਤੇ ਅਸਰ, ਹਾਈ ਬਲੱਡ ਪ੍ਰੈੱਸਰ ਹੋ ਸਕਦੀਆਂ ਹਨ। 

          ਡਿਪਟੀ ਮਾਸ ਮੀਡੀਆ ਅਫ਼ਸਰ ਸੰਦੀਪ ਵਾਲੀਆ ਨੇ ਕੋਟਪਾ ਐਕਟ ਅਧੀਨ ਵਿਸ਼ੇਸ਼ ਧਾਰਾਵਾਂ ਹੇਠ ਜਨਤਕ ਥਾਵਾਂ ਤੇ ਸੌ ਗਜ਼ ਦੇ ਦਾਇਰੇ ਵਿਚ ਤੰਬਾਕੂ ਦੀ ਵਿਕਰੀ ਤੇ ਰੋਕ, ਬੀੜੀ ਸਿਗਰਟ ਵੇਚਣ ਵਾਲਿਆਂ ਉੱਤੇ ਲਾਈ ਜਾਂਦੀ ਸਖ਼ਤੀ ਆਦਿ ਬਾਰੇ ਜਾਗਰੂਕਤਾ ਸੈਮੀਨਾਰ ਮੌਕੇ ਦਸਦਿਆਂ ਕਿਹਾ ਕਿ ਕੋਟਪਾ ਐਕਟ-2003 ਦੀ ਧਾਰਾ 6-ਏ ਤਹਿਤ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸਿਗਰਟ,ਚੱਬਣ ਵਾਲੇ ਤੰਬਾਕੂ ਉਤਪਾਦ ਆਦਿ ਵੇਚਣਾ ਅਪਰਾਧ ਹੈ ਅਤੇ ਧਾਰਾ 6-ਬੀ ਤਹਿਤ ਕਿਸੇ ਵੀ ਵਿਦਿਅਕ ਸੰਸਥਾ ਦੀ ਚਾਰ ਦਿਵਾਰੀ ਤੋਂ 100 ਗਜ਼ ਦੇ ਘੇਰੇ ਅੰਦਰ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਵੇਚਣ ਵਾਲੇ ਨੂੰ ਸਜ਼ਾ ਅਤੇ ਜ਼ੁਰਮਾਨਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ । ਇਸ ਮੌਕੇ ਤੇ ਤੰਬਾਕੂਨੋਸ਼ੀ ਰੋਕਣ ਅਤੇ ਇਸ ਬਾਰੇ ਵਧੇਰੇ ਜਾਗਰੂਕਤਾ ਫੈਲਾਉਣ ਲਈ ਪ੍ਰਣ ਵੀ ਲਿਆ ਗਿਆ ।

              ਇਸ ਮੌਕੇ ਸਹਾਇਕ ਮਲੇਰੀਆ ਅਫਸਰ ਗੁਰਲਾਲ ਸਿੰਘ ਅਤੇ ਹਰਮੇਸ਼ ਚੰਦਰ, ਮਲਟੀਪਰਪਜ ਹੈਲਥ ਵਰਕਰ ਨਰਿੰਦਰ ਸ਼ਰਮਾ, ਰਮਨ ਸ਼ਰਮਾ ਅਤੇ ਰਕੇਸ਼ ਕੁਮਾਰ ਮੋਜੂਦ ਸਨ।