ਲੋਕ ਸਭਾ ਚੋਣਾ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਸਾਰੇ ਪ੍ਰਬੰਧ ਮੁਕੰਮਲ: ਜ਼ਿਲ੍ਹਾ ਚੋਣ ਅਫਸਰ

Faridkot

ਫਰੀਦਕੋਟ, 30 ਮਈ: 

 01 ਜੂਨ ਨੂੰ ਲੋਕ ਸਭਾ ਚੋਣਾ ਸਬੰਧੀ ਹੋਣ ਵਾਲੀਆਂ ਵੋਟਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਵੋਟਰਾਂ ਦੀ ਸੁਰੱਖਿਆ ਤੇ ਸਹੂਲਤ ਲਈ ਸਾਰੇ ਪੋਲਿੰਗ ਬੂਥਾਂ ਤੇ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਚੋਣਾ-2024 ਸਬੰਧੀ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ 09 ਫਰੀਦਕੋਟ ਅੰਦਰ ਕੁੱਲ 1688 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਹਲਕੇ ਦੇ ਕੁੱਲ 15 ਲੱਖ 94 ਹਜ਼ਾਰ 33 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਜਿਨ੍ਹਾਂ ਵਿੱਚ 08 ਲੱਖ 42 ਹਜ਼ਾਰ 181 ਮਰਦ ਵੋਟਰ, 7 ਲੱਖ 51 ਹਜ਼ਾਰ 768ਮਹਿਲਾ ਵੋਟਰ ਅਤੇ ਤੀਜੇ ਲਿੰਗ ਦੇ 81 ਵੋਟਰ ਸ਼ਾਮਲ ਹਨ।

ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਦੇ 04 ਲੱਖ 93 ਹਜ਼ਾਰ 80 ਵੋਟਰ ਹਨ ਜਿਨ੍ਹਾਂ ਵਿੱਚ 02 ਲੱਖ 59 ਹਜ਼ਾਰ 214 ਮਰਦ ਵੋਟਰ, 02 ਲੱਖ 33 ਹਜ਼ਾਰ 844 ਮਹਿਲਾ ਵੋਟਰ ਅਤੇ 22 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹੇ ਅੰਦਰ 04 ਪਿੰਕ ਪੋਲਿੰਗ ਬੂਥ ਵੀ ਬਣਾਏ ਜਾਣਗੇ ਜਿਥੇ ਕਿ 100 ਫੀਸਦੀ ਚੋਣ ਅਧਿਕਾਰੀ ਤੇ ਕਰਮਚਾਰੀ ਮਹਿਲਾਵਾਂ ਹੀ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਲਕੇ ਦੇ ਸਾਰੇ ਪੋਲਿੰਗ ਬੂਥਾਂ ਤੇ 100 ਫੀਸਦੀ ਵੈਬ ਕਾਸਟਿੰਗ ਵੀ ਕਰਵਾਈ ਜਾਵੇਗੀ ਜਿਸ ਦਾ ਸਿੱਧਾ ਪ੍ਰਸਾਰਣ ਮੁੱਖ ਚੋਣ ਅਫਸਰ ਪੰਜਾਬ, ਜ਼ਿਲ੍ਹਾ ਚੋਣ ਅਫਸਰ ਦੇ ਦਫ਼ਤਰ ਵਿਖੇ ਹੋਵੇਗਾ। ਜੇਕਰ ਸੰਭਵ ਹੋਇਆ ਤਾਂ ਸਿੱਧਾ ਪ੍ਰਸਾਰਣ ਮੁੱਖ ਚੋਣ ਕਮਿਸ਼ਨ ਦਿੱਲੀ ਦੇ ਦਫ਼ਤਰ ਵਿਖੇ ਕੀਤਾ ਜਾਵੇਗਾ। 

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸੂਬੇ ਅੰਦਰ ਪੈ ਰਹੀ ਅੱਤ ਦੀ ਗਰਮੀ ਤੋਂ ਵੋਟਰਾਂ ਨੂੰ ਬਚਾਉਣ ਲਈ ਪੋਲਿੰਗ ਬੂਥਾਂ ਤੇ ਵੇਟਿੰਗ ਏਰੀਆ ਬਣਾਏ ਗਏ ਹਨ ਤਾਂ ਜੋ ਵੋਟਰ ਛਾਂ ਵਿੱਚ ਬੈਠ ਕੇ ਆਪਣੀ ਵੋਟ ਪਾਉਣ ਦੀ ਉਡੀਕ ਕਰ ਸਕਣ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ਤੇ ਵੋਟਰਾਂ ਲਈ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ ਅਤੇ ਸਾਰੀਆਂ ਪੋਲਿੰਗ ਲੋਕੇਸ਼ਨਾਂ ਤੇ ਆਸ਼ਾ ਵਰਕਰਾਂ ਨੂੰ ਲੋੜੀਂਦੀਆਂ ਦਵਾਈਆਂ ਤੇ ਓ.ਆਰ.ਐਸ. ਦੇ ਪੈਕਟਾਂ ਸਮੇਤ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਕਤਾਰ ਸੂਚਨਾ ਐਪ (ਵਟਸਐਪ ਨੰਬਰ 7447447217) ਵੀ ਜਾਰੀ ਕੀਤੀ ਗਈ ਹੈ।

 ਜਿਸ ਦੀ ਸਹਾਇਤਾ ਨਾਲ ਵੋਟਰ ਆਪਣੇ ਘਰਾਂ ਤੋਂ ਵੋਟ ਪਾਉਣ ਲਈ ਆਉਣ ਸਮੇਂ ਇਸ ਐਪ ਦੀ ਵਰਤੋਂ ਨਾਲ ਪੋਲਿੰਗ ਸਟੇਸ਼ਨਾਂ ਤੇ ਲੱਗੀਆਂ ਲਾਈਨਾਂ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। 

ਜ਼ਿਲ੍ਹਾ ਚੋਣ ਅਫਸਰ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟ ਸਾਡਾ ਸੰਵਿਧਾਨਕ ਹੱਕ ਹੈ ਅਤੇ ਇਸ ਦਾ ਇਸਤੇਮਾਲ ਕਰਨ ਤੋਂ ਕਦੇ ਵੀ ਅਵੇਸਲਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਵੋਟਰਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।