ਫ਼ਰੀਦਕੋਟ 29 ਮਈ,2024
ਜਿਲ੍ਹਾ ਮੈਜਿਸਟਰੇਟ, ਫਰੀਦਕੋਟ ਸ੍ਰੀ ਵਿਨੀਤ ਕੁਮਾਰ, ਆਈ.ਏ.ਐਸ. ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸਟੈਂਡਰਡ ਓਪਰੇਟਿੰਗ ਪਰੋਸੀਜਰ ਤਹਿਤ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਤਰੀਕੇ ਨਾਲ, ਨਿਰਵਿਘਨ ਕਰਵਾਉਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ, ਚੋਣਾਂ ਵਾਲੇ ਦਿਨ ਮਿਤੀ 01.06.2024 ਨੂੰ ਜਿਲ੍ਹਾ ਫਰੀਦਕੋਟ ਅੰਦਰ ਬਣੇ ਪੋਲਿੰਗ ਸਟੇਸ਼ਨਾਂ ਦੇ 100/200 ਮੀਟਰ ਦੇ ਘੇਰੇ ਅੰਦਰ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆ ਲਗਾਉਣ ਦੇ ਹੁਕਮ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨ ਜਾਂ ਜਨਤਕ/ਨਿੱਜੀ ਜਗ੍ਹਾ ਤੇ ਕਿਸੇ ਵੀ ਉਮੀਦਵਾਰ ਜਾਂ ਉਸ ਦੇ ਸਮਰਥਕਾਂ ਵੱਲੋਂ ਪ੍ਰਚਾਰ ਨਹੀਂ ਕੀਤਾ ਜਾਵੇਗਾ। ਕਿਸੇ ਵੀ ਵਿਅਕਤੀ ਵੱਲੋਂ ਪੋਲਿੰਗ ਸਟੇਸ਼ਨਾਂ ਦੇ ਨਜ਼ਦੀਕ ਸ਼ੋਰ ਸ਼ਰਾਬਾ, ਹੁੱਲੜਬਾਜ਼ੀ ਨਹੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵੱਲੋਂ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਘੇਰੇ ਅੰਦਰ ਸੈਲੂਲਰ ਫੋਨ,ਕੋਰਡਲੈਸ ਫੋਨ,ਵਾਇਰਲੈਸ ਸੈਂਟ,ਲਾਉਡ ਸਪੀਕਰ,ਮੈਗਾਫੋਨ ਆਦਿ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਹ ਹੁਕਮ ਚੋਣ ਡਿਊਟੀ ਤੇ ਤਾਇਨਾਤ ਚੋਣ ਅਬਜਰਵਰ, ਪ੍ਰਸ਼ਾਸਨਿਕ/ ਪੁਲਿਸ ਅਧਿਕਾਰੀ, ਡਿਊਟੀ ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ, ਪੋਲਿੰਗ/ਕਾਊਂਟਿੰਗ ਨਾਲ ਸਬੰਧਤ ਸਰਕਾਰੀ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ। ਪ੍ਰਚਾਰ ਨਾਲ ਸਬੰਧਤ ਕਿਸੇ ਵੀ ਕਿਸਮ ਦਾ ਪੋਸਟਰ/ਬੈਨਰ ਨਹੀਂ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ, ਚੋਣ ਲੜ ਰਿਹਾ ਉਮੀਦਵਾਰ ਪੋਲਿੰਗ ਸਟੇਸ਼ਨ ਦੇ 200 ਮੀਟਰ ਦੇ ਘੇਰੇ ਅੰਦਰ ਆਪਣਾ ਪੋਲਿੰਗ ਬੂਥ/ਟੈਂਟ ਨਹੀ ਲਗਾਵੇਗਾ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ, ਸਿਵਾਏ ਭਾਰਤ ਚੋਣ ਕਮਿਸ਼ਨ, ਮੁੱਖ ਚੋਣ ਅਫਸਰ, ਪੰਜਾਬ ਜਿਲ੍ਹਾ ਚੋਣ ਅਫਸਰ ਫਰੀਦਕੋਟ ਜਾਂ ਲੋਕ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਵੱਲੋਂ ਅਧਿਕਾਰਿਤ ਵਿਅਕਤੀ, ਕਿਸੇ ਵੀ ਪੋਲਿੰਗ ਸਟੇਸ਼ਨ ਦੇ 200 ਮੀਟਰ ਦੇ ਘੇਰੇ ਅੰਦਰ ਆਪਣਾ ਪ੍ਰਾਈਵੇਟ ਵਹੀਕਲ ਨਹੀ ਲਿਜਾਏਗਾ।