ਕਿਸੇ ਵੀ ਤਰਾਂ ਦੀ ਲਾਪਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ-ਵਿਸੇਸ਼ ਨਿਗਰਾਨ

Amritsar

ਅੰਮ੍ਰਿਤਸਰ, 28 ਮਈ (        )-ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਤਾਇਨਾਤ ਕੀਤੇ ਗਏ ਵਿਸ਼ੇਸ਼ ਨਿਗਰਾਨ ਜੋ ਕਿ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚੇ ਅਤੇ ਵੋਟਾਂ ਨੂੰ ਲੈ ਕੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਪੱਖ ਤੋਂ ਚੋਣਾਂ ਉਤੇ ਨਿਗਾਹ ਰੱਖਣ ਲਈ ਆਏ ਹਨ, ਵੱਲੋਂ ਅੱਜ ਜਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਲੰਮੀ ਵਿਚਾਰ-ਚਰਚਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਕੀਤੀ ਗਈ। ਇਸ ਮੌਕੇ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜਾਣ-ਪਛਾਣ ਕਰਵਾਉਂਦੇ ਹੁਣ ਤੱਕ ਕੀਤੇ ਗਏ ਪ੍ਰਬੰਧਾਂ ਤੋਂ ਵਿਸੇਸ਼ ਨਿਗਰਾਨਾਂ ਨੂੰ ਜਾਣੂੰ ਕਰਵਾਇਆ, ਜਦਕਿ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਅਤੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਨੇ ਸੁਰੱਖਿਆ ਪ੍ਰਬੰਧਾਂ ਸਬੰਧੀ ਕੀਤੀ ਗਈ ਤਿਆਰੀ ਦੀ ਰਿਪੋਰਟ ਸਾਂਝੀ ਕੀਤੀ। ਦੋਵਾਂ ਨਿਗਰਾਨਾਂ ਨੇ ਕੀਤੇ ਗਏ ਪ੍ਰਬੰਧਾਂ ਉਤੇ ਤਸੱਲੀ ਪ੍ਰਗਟ ਕਰਦੇ ਹੋਏ ਕੁੱਝ ਜਰੂਰੀ ਸੁਝਾਅ ਦਿੱਤੇ, ਜੋ ਕਿ ਵੋਟਾਂ ਦਾ ਕੰਮ ਸੁਚਾਰੂ ਰੂਪ ਨਾਲ ਸਿਰੇ ਚਾੜਨ ਲਈ ਕੰਮ ਆਉਣਗੇ।

          ਇਸ ਮੌਕੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚੇ ਉਤੇ ਨਿਗਾਹ ਰੱਖਣ ਲਈ ਆਏ ਵਿਸੇਸ਼ ਨਿਗਰਾਨ ਸ੍ਰੀ ਬੀ ਆਰ ਬਾਲਾ ਕ੍ਰਿਸ਼ਨਨ ਆਈ ਆਰ ਐਸ  ਨੇ ਸਪੱਸ਼ਟ ਕੀਤਾ ਕਿ ਕੋਈ ਵੀ ਉਮਦੀਵਾਰ ਚੋਣ ਕਮਿਸ਼ਨ ਵੱਲੋਂ ਮਿਥੀ ਖਰਚਾ ਹੱਦ ਨੂੰ ਟੱਪਣ ਦੀ ਕੋਸ਼ਿਸ਼ ਨਾ ਕਰੇ ਇਸ ਲਈ ਜਿਲ੍ਹਾ ਮਸ਼ਨੀਰੀ ਕੋਲ ਪੂਰੀ ਤਿਆਰੀ ਚਾਹੀਦੀ ਹੈ। ਉਨਾਂ ਕਿਹਾ ਕਿ ਅਕਸਰ ਆਖਰੀ ਦਿਨਾਂ ਵਿਚ ਪੈਸੇ ਤੇ ਸ਼ਰਾਬ ਦੀ ਵਰਤੋਂ ਹੁੰਦੀ ਹੈ, ਜਿਸ ਨੂੰ ਰੋਕਣ ਲਈ ਪੁਲਿਸ ਦੇ ਨਾਲ-ਨਾਲ ਫਲਾਈਇੰਗ ਟੀਮਾਂ ਵੀ ਇਕ ਟੀਮ ਵਜੋਂ ਕੰਮ ਕਰਨ। ਉਨਾਂ ਦੱਸਿਆ ਕਿ ਉਹ ਕੱਲ ਖਾਸਾ ਸ਼ਰਾਬ ਫੈਕਟਰੀ ਤੋਂ ਹੁੰਦੀ ਸਪਲਾਈ ਦੀ ਜਾਂਚ ਕਰ ਚੁੱਕੇ ਹਨ ਅਤੇ ਹੁਣ ਐਕਸਾਈਜ਼ ਵਿਭਾਗ ਤੇ ਪੁਲਿਸ ਦੀ ਜਿੰਮੇਵਾਰੀ ਹੈ ਕਿ ਉਹ ਕਿਸੇ ਵੀ ਪਾਸੇ ਤੋਂ ਚੋਣਾਂ ਲਈ ਆਉਣ ਵਾਲੀ ਸ਼ਰਾਬ ਨੂੰ ਰੋਕਣ, ਤਾਂ ਜੋ ਕੋਈ ਉਮੀਦਵਾਰ ਸ਼ਰਾਬ ਦਾ ਲਾਲਚ ਦੇ ਕੇ ਵੋਟਰਾਂ ਨੂੰ ਭਰਮਾ ਨਾ ਸਕੇ।  ਸ੍ਰੀ ਦੀਪਕ ਮਿਸ਼ਰਾ ਆਈ ਪੀ ਐਸ ਜੋ ਕਿ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ ਵਿਸ਼ੇਸ਼ ਤੌਰ ਉਤੇ ਤਾਇਨਾਤ ਕੀਤੇ ਗਏ ਹਨ, ਨੇ ਸਾਰੀ ਸਹਾਇਕ ਰਿਟਰਨਿੰਗ ਅਧਿਕਾਰੀਆਂ, ਡੀ ਐਸ ਪੀਜ਼ ਅਤੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਆਪਾਂ ਆਉਣ ਵਾਲੀਆਂ ਪੀੜੀਆਂ ਨੂੰ ਕਿਹੋ ਜਿਹਾ ਭਵਿੱਖ ਤੇ ਦੇਸ਼ ਸੌਂਪਣਾ ਹੈ, ਇਹ ਇੰਨਾ ਚੋਣਾਂ ਉਤੇ ਨਿਰਭਰ ਕਰਦਾ ਹੈ। ਉਨਾਂ ਕਿਹਾ ਕਿ ਕੋਈ ਵੀ ਉਮਦੀਵਾਰ ਜਾਂ ਉਮੀਦਵਾਰ ਦਾ ਹਮਾਇਤੀ ਚੋਣ ਕਮਿਸ਼ਨ ਵੱਲੋਂ ਮਿਥੀਆਂ ਹੱਦਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਨਹੀਂ ਆਉਣਾ ਚਾਹੀਦਾ। ਉਨਾਂ ਕਿਹਾ ਕਿ ਉਹ ਚੋਣਾਂ ਵਿਚ ਇਕ ਮਾਰਗ ਦਰਸ਼ਕ ਵਜੋਂ ਤੁਹਾਡਾ ਸਾਥ ਦੇਣ ਲਈ ਹਰ ਵੇਲੇ ਹਾਜ਼ਰ ਹਨ, ਪਰ ਕਿਸੇ ਵੀ ਤਰਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਪੁਲਿਸ ਅਧਿਕਾਰੀਆਂ ਨੂੰ ਬੂਥਾਂ ਉਤੇ ਨਿਗਰਾਨੀ ਰੱਖਣ ਲਈ ਅਤੇ ਕਿਸੇ ਸ਼ਰਾਰਤੀ ਅਨਸਰ ਨੂੰ ਰੋਕਣ ਲਈ ਬੂਥਾਂ ਦੇ ਬਾਹਰ ਪੈਂਦੇ ਮੇਨ ਰਸਤਿਆਂ ਉਤੇ ਕੈਮਰੇ ਲਗਾਉਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਸ਼ਹਿਰ ਵਿਚ ਪਹਿਲਾਂ ਤੋਂ ਲੱਗੇ ਹੋਏ ਕੈਮਰੇ ਵੀ ਇਸ ਕੰਮ ਲਈ ਵਰਤੋਂ ਵਿਚ ਲਿਆਂਦੇ ਜਾਣ, ਤਾਂ ਜੋ ਵੋਟਾਂ ਵਾਲੇ ਦਿਨ ਹਰੇਕ ਗਤੀਵਿਧੀ ਪੁਲਿਸ ਦੀ ਨਿਗਰਾਨੀ ਹੇਠ ਰਹੇ। ਇਸ ਮੌਕੇ ਪੁਲਿਸ ਅਬਜ਼ਰਵਰ ਮੈਡਮ ਸ਼ਵੇਤਾ ਸ੍ਰੀ ਮਲੀ , ਸਾਰੇ ਵਿਧਾਨ ਸਭਾ ਹਲਕਿਆਂ  ਦੇ ਸਹਾਇਕ ਰਿਟਰਨਿੰਗ ਅਧਿਕਾਰੀ, ਬੀ ਐਸ ਐਫ ਦੇ ਕਮਾਡੈਂਟ, ਹਰੇਕ ਹਲਕੇ ਦੇ ਡੀ ਐਸ ਪੀ, ਵਧੀਕ ਜਿਲਾ ਚੋਣ ਅਧਿਕਾਰੀ ਸ੍ਰੀਮਤੀ ਜੋਤੀ ਬਾਲਾ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।