ਮੋਗਾ 28 ਮਈ:-
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਦੀ ਦੇਖ ਰੇਖ ਵਿੱਚ ਚੱਲ ਰਹੇ ਸਵੀਪ ਪ੍ਰੋਗਰਾਮ ਤਹਿਤ ਸਹਾਇਕ ਜਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ, ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਅਤੇ ਜੀ.ਜੀ.ਐੱਫ ਅਨੁਰਾਗ ਸਿੰਘ ਨੇ ਸ਼ਹਿਰ ਦੇ ਮੁੱਖ ਡਾਕਘਰ ਵਿਖੇ ਸ਼ਿਰਕਤ ਕੀਤੀ ਅਤੇ ਇੱਥੇ ਹਾਜ਼ਰ ਸਟਾਫ਼, ਡਾਕੀਆਂ ਅਤੇ ਗਾਹਕਾਂ ਨੂੰ 01 ਜੂਨ 2024 ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਪਰਿਵਾਰ ਸਹਿਤ ਵੋਟ ਪਾਉਣ ਲਈ ਕਿਹਾ।
ਬੁਲਾਰਿਆਂ ਨੇ ਲੋਕਾਂ ਨੂੰ ਵੋਟਾਂ ਵਾਲੇ ਦਿਨ ਬੂਥਾਂ ਉੱਪਰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਦਿਨ ਵੋਟਾਂ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤੱਕ ਪੈਣਗੀਆਂ। ਬੂਥਾਂ ਉੱਪਰ ਸ਼ਾਮਿਆਨੇ ਦਾ ਪ੍ਰਬੰਧ ਹੋਵੇਗਾ ਤਾਂ ਕਿ ਵੋਟਰਾਂ ਨੂੰ ਧੁੱਪ ਤੋਂ ਬਚਾਇਆ ਜਾ ਸਕੇ। ਲਾਈਨ ਵਿੱਚ ਲੱਗ ਕੇ ਜ਼ਿਆਦਾ ਸਮਾਂ ਇੰਤਜਾਰ ਨਾ ਕਰਨਾ ਪਵੇ ਇਸ ਲਈ ਬੈਠਣ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ ਤਾਂ ਕਿ ਵੋਟਰ ਆਰਾਮ ਨਾਲ ਆਪਣੀ ਵੋਟ ਪਾ ਸਕਣ। ਚੋਣ ਕਮਿਸ਼ਨ ਪੰਜਾਬ ਵੱਲੋਂ ਕਤਾਰ ਮੈਨੇਜਮੈਂਟ ਸਿਸਟਮ ਵੀ ਲਾਗੂ ਕੀਤਾ ਗਿਆ ਹੈ ਜਿਸ ਨੂੰ ਵਰਤ ਕੇ ਘਰੋਂ ਹੀ ਬੂਥ ਉੱਪਰ ਭੀੜ ਦਾ ਪਤਾ ਲਗਾਇਆ ਜਾ ਸਕਦਾ ਹੈ। ਬਜ਼ੁਰਗਾਂ ਅਤੇ ਦਿਵਿਆਂਗਾਂ ਨੂੰ ਘਰੋਂ ਲੈ ਕੇ ਅਤੇ ਛੱਡ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬੂਥ ਉੱਪਰ ਗਰਮੀ ਤੋਂ ਬਚਾਅ ਵਾਸਤੇ ਪੱਖੇ ਕੂਲਰ ਆਦਿ ਦਾ ਵੀ ਪ੍ਰਬੰਧ ਹੋਵੇਗਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ। ਵਲੰਟੀਅਰ ਸਾਰੇ ਆਉਣ ਵਾਲਿਆਂ ਦੀ ਜ਼ਰੂਰਤ ਅਨੁਸਾਰ ਸਹਾਇਤਾ ਵੀ ਕਰਨਗੇ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਸਮੇਂ ਲੋਕਾਂ ਵੱਲੋਂ ਵੋਟਾਂ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਈ.ਵੀ.ਐਮ, ਵੀ.ਵੀ.ਪੈਟ ਮਸ਼ੀਨ ਸੰਬੰਧੀ ਲੋਕਾਂ ਦੇ ਭਰਮ ਵੀ ਦੂਰ ਕੀਤੇ। ਇਸ ਮੌਕੇ ਲੋਕਾਂ ਨੂੰ ਵੋਟਾਂ ਸੰਬੰਧੀ ਐਪਸ ਬਾਰੇ ਵੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਵੋਟਰ ਹੈਲਪ ਲਾਈਨ ਨੰਬਰ 1950 ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਵੋਟਾਂ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਇਸ ਨੰਬਰ ਜਰੀਏ ਪ੍ਰਾਪਤ ਕੀਤੀ ਜਾ ਸਕਦੀ ਹੈ। ਬੁਲਾਰਿਆਂ ਨੇ ਕਿਹਾ ਕਿ ਜੇਕਰ ਕਿਸੇ ਵੀ ਵੋਟਰ ਕੋਲ ਵੋਟਰ ਕਾਰਡ ਨਹੀਂ ਵੀ ਹੈ ਤਾਂ ਉਹ ਵੋਟਰ ਕਾਰਡ ਤੋਂ ਬਿਨ੍ਹਾਂ ਵੀ ਵੋਟ ਪਾ ਸਕਦੇ ਹਨ। ਇਸ ਲਈ ਚੋਣ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ 12 ਡਾਕੂਮੈਂਟ ਵਿੱਚੋਂ ਕੋਈ ਇੱਕ ਵਰਤਿਆ ਜਾ ਸਕਦਾ ਹੈ ਜਿਵੇਂ ਕਿ ਆਧਾਰ ਕਾਰਡ, ਡਰਾਈਵਿੰਗ ਲਾਇਸੰਸ, ਬੈਂਕ ਕਾਪੀ, ਮਾਨਤਾ ਪ੍ਰਾਪਤ ਸੰਸਥਾ ਵੱਲੋਂ ਜਾਰੀ ਸਨਾਖਤੀ ਕਾਰਡ ਆਦਿ। ਇਸ ਸਮੇਂ ਪੋਸਟ ਮਾਸਟਰ ਪਰਸ਼ੋਤਮ ਕੁਮਾਰ, ਸਹਾਇਕ ਪੋਸਟ ਮਾਸਟਰ ਸਰਬਜੀਤ ਸਿੰਘ ਮੈਂਗੀ ਅਤੇ ਸਮੂਹ ਸਟਾਫ਼ ਹਾਜਰ ਸਨ।