ਹੀਟ ਵੇਵ ਦੇ ਚਲਦਿਆਂ ਪੋਲਿੰਗ ਬੂਥਾਂ ਤੇ ਵੋਟਰਾਂ ਲਈ ਕੀਤੇ ਜਾਣ ਵਿਸ਼ੇਸ਼ ਪ੍ਰਬੰਧ – ਸਪੈਸ਼ਲ ਜਨਰਲ ਅਬਜ਼ਰਵਰ

Amritsar

ਅੰਮ੍ਰਿਤਸਰ 26 ਮਈ 2024—

                ਲੋਕਸਭਾ ਚੋਣਾਂ 2024 ਨੂੰ ਲੈ ਕੇ ਮੁੱਖ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਸਪੈਸ਼ਲ ਜਨਰਲ ਅਬਜ਼ਰਵਰ ਸ੍ਰੀ ਰਾਮ ਮੋਹਨ ਮਿਸ਼ਰਾ ਆਈ.ਏ.ਐਸ. (ਰਿਟਾਇਰ) ਨੇ ਜਨਰਲ ਅਬਜ਼ਰਵਰ ਏ ਰਾਧਾ ਬਿਨੋਦ ਸ਼ਰਮਾ, ਖਰਚਾ ਅਬਜ਼ਰਵਰ ਸ੍ਰੀ ਬਾਰੇ ਗਨੇਸ਼ ਸੁਧਾਕਰ, ਪੁਲਿਸ ਅਬਜ਼ਰਵਰ ਸ਼ਵੇਤਾ ਸ੍ਰੀਮਲੀ ਆਈ.ਪੀ.ਐਸ. , ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ ਦਿਹਾਤੀ ਸ: ਸਤਿੰਦਰ ਸਿੰਘ, ਜਿਲ੍ਹਾ ਚੋਣ ਤਹਿਸੀਲਦਾਰ ਸ: ਅਮਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਨਾਲ ਮੀਟਿੰਗ ਕੀਤੀ।

                ਚੋਣਾਂ ਦੀਆਂ ਤਿਆਰੀਆਂ ਸਬੰਧੀ ਜਾਇਜਾ ਲੈਂਦੇ ਹੋਏ ਸ੍ਰੀ ਮਿਸ਼ਰਾ ਨੇ ਕਿਹਾ ਕਿ ਹੀਟ ਵੇਵ ਦੇ ਚਲਦਿਆਂ ਸਾਰੇ ਪੋਲਿੰਗ ਬੂਥਾਂ ਤੇ ਪੀਣ ਵਾਲਾ ਪਾਣੀ, ਪੱਖੇ, ਸ਼ਮਿਆਨੇ ਆਦਿ ਦੇ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਹਨ ਅਤੇ ਖਾਸ ਤੌਰ ਤੇ ਦਿਵਿਆਂਗ ਵੋਟਰਾਂ ਲਈ ਵੀਲ੍ਹ ਚੇਅਰ ਉਪਲੱਬਧ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪੋਲਿੰਗ ਬੂਥਾਂ ਦੇ ਬਾਹਰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਚਿੰਨ੍ਹ, ਪੋਸਟਰ, ਬੈਨਰ ਆਦਿ ਨਹੀਂ ਲੱਗਾ ਹੋਣਾ ਚਾਹੀਦਾ ਅਤੇ ਹਰੇਕ ਪੋਲਿੰਗ ਸਟੇਸ਼ਨ ਦੇ ਬਾਹਰ ਮਰਦ ਵੋਟਰ, ਔਰਤ ਵੋਟਰਾਂ ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ ਲਿਖੀ ਹੋਣੀ ਚਾਹੀਦੀ ਹੈ।

                ਉਨਾਂ ਕਿਹਾ ਕਿ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਹਨ ਅਤੇ ਕਿਸੇ ਨੂੰ ਵੀ ਪੋਲਿੰਗ ਬੂਥਾਂ ਦੇ ਬਾਹਰ ਸ਼ਾਤੀ ਭੰਗ ਕਰਨ ਦੀ ਆਗਿਆ ਨਹੀਂ ਹੋਵੇਗੀ। ਉਨਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਹੋ ਸਕੇ।