ਬਿਨਾਂ ਡਰ-ਭੈਅ ਤੇ ਸਾਂਤੀਪੂਰਵਕ ਢੰਗ ਨਾਲ ਨੇਪਰੇ ਚੜਾਈਆਂ ਜਾਣਗੀਆਂ ਲੋਕ ਸਭਾ ਚੋਣਾਂ : ਜਸਪ੍ਰੀਤ ਸਿੰਘ

Bathinda

ਬਠਿੰਡਾ,, 18 ਮਈ : ਲੋਕ ਸਭਾ ਚੋਣਾਂ-2024 ਨੂੰ ਬਿਨਾਂ ਕਿਸੇ ਡਰ-ਭੈਅ ਅਤੇ ਸਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।

ਜ਼ਿਲ੍ਹਾ ਚੋਣ ਅਫਸਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਜ਼ਿਲ੍ਹੇ ਅੰਦਰ ਲੋਕ ਸਭਾ ਚੋਣਾਂ-2024 ਸਬੰਧੀ ਸਮੁੱਚੀ ਚੋਣ ਪ੍ਰਕਿਰਿਆ ਨੂੰ ਸਫਲਤਾਪੂਵਰਕ ਢੰਗ ਨਾਲ ਨੇਪਰੇ ਚੜਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਲੋਕ ਸਭਾ ਹਲਕਾ ਬਠਿੰਡਾ ਅਧੀਨ 9 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ ਚ 83-ਲੰਬੀ, 91-ਭੁੱਚੋ ਮੰਡੀ (ਐਸਸੀ), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ) (ਐਸਸੀ), 94-ਤਲਵੰਡੀ ਸਾਬੋ, 95-ਮੌੜ, 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਐਸਸੀ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਲਈ ਕੁੱਲ 1814 ਪੋਲਿੰਗ ਸਟੇਸ਼ਨ ਹਨ।

ਜ਼ਿਲ੍ਹਾ ਚੋਣ ਅਫਸਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਕੁੱਲ ਜਨਰਲ ਵੋਟਰਾਂ ਦੀ ਗਿਣਤੀ 1651188 ਹੈ। ਜਿਨ੍ਹਾਂ ਵਿਚ 870014 ਮਰਦ ਵੋਟਰ, 781140 ਔਰਤ ਵੋਟਰ ਹਨ ਅਤੇ 34 ਟਰਾਂਸਜੈਂਡਰ ਵੋਟਰ ਹਨ।

     ਜ਼ਿਲ੍ਹਾ ਚੋਣ ਅਫਸਰ ਸ. ਜਸਪ੍ਰੀਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਲੋਕ ਸਭਾ ਹਲਕੇ ਵਿੱਚ 7975 ਸਰਵਿਸ ਵੋਟਰਾਂ ਹਨ ਜਿਨ੍ਹਾਂ ਚ ਵਿਧਾਨ ਸਭਾ ਹਲਕਾ ਭੁੱਚੋ ਤੋਂ 838, ਬਠਿੰਡਾ (ਸ਼ਹਿਰੀ) ਤੋਂ 338, ਬਠਿੰਡਾ (ਦਿਹਾਤੀ) ਤੋਂ 762, ਤਲਵੰਡੀ ਸਾਬੋ ਤੋਂ 812, ਮੌੜ ਤੋਂ 1335, ਲੰਬੀ ਤੋਂ 550, ਮਾਨਸਾ ਤੋਂ 902, ਸਰਦੂਲਗੜ੍ਹ ਤੋਂ 1133 ਅਤੇ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ 1305 ਸਰਵਿਸ ਵੋਟਰ ਸ਼ਾਮਲ ਹਨ।

          ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ 18-19 ਸਾਲ ਵਰਗ ਦੇ 39306 ਨਵੇਂ ਨੌਜਵਾਨ ਵੋਟਰ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜਦਕਿ 12507 ਵੋਟਰ 85 ਸਾਲ ਤੋਂ ਵਧੇਰੀ ਉਮਰ ਵਰਗ ਦੇ ਹਨ ਜੋ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

      ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ ਲੋਕ ਸਭਾ ਚੋਣਾਂ 2024 ਸਬੰਧੀ ਜ਼ਿਲ੍ਹੇ ਨਾਲ ਸਬੰਧਤ ਜ਼ਿਲ੍ਹਾ ਵਾਸੀ ਆਪਣੀ ਸ਼ਿਕਾਇਤ ਸੀ-ਵਿਜੀਲ (c-vigil) ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਕਿਸੇ ਵੀ ਤਰ੍ਹਾਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਦਰਜ ਕਰਾ ਸਕਦਾ ਹੈ ਅਤੇ ਇਸ ਸ਼ਿਕਾਇਤ ਉੱਪਰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਂਦੀ ਹੈ।

       ਇਸ ਤੋਂ ਇਲਾਵਾ ਵਟਸਅਪ ਨੰਬਰ 70093-07977, ਈਮੇਲ dccbti2024@gmail.com, ਟੋਲ ਫ਼ਰੀ ਨੰਬਰ 1800-180-2950, ਨੈਸ਼ਨਲ ਗਵਰਨਮੈਂਟ ਸਰਵਿਸਿਜ ਪੋਰਟਲ (ਐਨ.ਜੀ.ਐਸ.ਪੀ) Service.india.gov.in ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਤੇ ਸਥਿਤ ਕਮਰਾ ਨੰਬਰ 235-ਈ ਵਿਖੇ ਸਥਾਪਿਤ ਕੀਤੇ ਗਏ ਜ਼ਿਲ੍ਹਾ ਕੰਟਰੋਲ ਸੈਂਟਰ ਵਿਖੇ ਦਸਤੀ ਸ਼ਿਕਾਇਤ ਵੀ ਦੇ ਸਕਦਾ ਹੈ ਜਾਂ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ 1950 ’ਤੇ ਰਾਬਤਾ ਕੀਤਾ ਜਾ ਸਕਦਾ ਹੈ।