-ਕਿਸਾਨ, ਝੋਨੇ ਅਤੇ ਨਰਮੇ ਦਾ ਬੀਜ ਖ੍ਰੀਦਣ ਉਪਰੰਤ ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ

Faridkot

ਫਰੀਦਕੋਟ 17 ਮਈ 2024 (    )

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਾਉਣੀ 2024 ਦੇ ਸੀਜਨ ਦੌਰਾਨ ਝੋਨੇ ਅਤੇ ਨਰਮੇ ਦਾ ਮਿਆਰੀ ਬੀਜ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਡਾ.ਅਮਰੀਕ ਸਿੰਘ, ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਵੱਲੋਂ ਕੋਟਕਪੂਰਾ ਸ਼ਹਿਰ ਦੇ ਬੀਜ ਵਿਕ੍ਰੇਤਾਵਾਂ ਦੇ ਕਾਰੋਬਾਰੀ ਅਦਾਰਿਆਂ ਦੀ ਚੈਕਿੰਗ ਕੀਤੀ ਗਈ । ਟੀਮ ਵਿਚ ਡਾ.ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ , ਡਾ.ਪਰਮਿੰਦਰ ਸਿੰਘ, ਡਾ .ਲਖਵੀਰ ਸਿੰਘ , ਗੁਰਮਿੰਦਰ ਸਿੰਘ , ਖੇਤੀਬਾੜੀ ਵਿਕਾਸ ਅਫਸਰ, ਡਾ.ਪ੍ਰਿੰਸ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ,ਹਰਜਿੰਦਰ ਸਿੰਘ ਖੇਤੀ ਉਪ ਨਿਰੀਖਕ ਸ਼ਾਮਿਲ ਸਨ ।

            ਬੀਜ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫਸਰ, ਡਾ.ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਲੋਂ ਝੋਨੇ ਦੀ ਗੈਰ ਸਿਫਾਰਸ਼ਸ਼ੁਦਾ, ਪੱਕਣ ਵਿੱਚ ਲੰਮਾ ਸਮਾਂ ਲੈਣ ਵਾਲੀ ਕਿਸਮ ਪੂਸਾ 44 ਦੀ ਕਿਸਾਨਾਂ ਨੂੰ ਨਾ ਵੇਚਿਆ ਜਾਵੇ । ਉਨ੍ਹਾਂ ਕਿਹਾ ਕਿ ਇਸ ਵਾਰ ਪੀ.ਆਰ 126 ਕਿਸਮ ਦੇ ਬੀਜ ਦੀ ਮੰਗ ਵਧੇਰੇ ਹੋਣ ਕਾਰਨ, ਬੀਜ ਵਿੱਚ ਗੜਬੜ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਇਸ ਲਈ  ਡਾਇਰੈਕਟਰ ਖੇਤੀਬਾੜੀ ਪੰਜਾਬ ਦੇ ਆਦੇਸ਼ਾਂ ਤੇ ਪੀ.ਆਰ 126 ਕਿਸਮ ਦੇ  ਬੀਜ ਦੇ ਨਮੂਨੇ ਲੈ ਕੇ ਸ਼ੁੱਧਤਾ ਦੀ ਪਰਖ ਲਈ ਪ੍ਰਯੋਗਸ਼ਾਲਾ ਵਿਚ ਭੇਜ ਦਿੱਤੇ ਹਨ ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਅਤੇ ਝੋਨੇ ਦਾ ਬੀਜ ਸਿਰਫ ਭਰੋਸੇਯੋਗ ਸਰੋਤਾਂ ਤੋਂ ਹੀ ਪੱਕੇ ਬਿੱਲ ਤੇ ਖ੍ਰੀਦਿਆ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਤਰਾਂ ਦੀ ਮੁਸ਼ਕਲ ਤੋਂ ਬਚਿਆ ਜਾ ਸਕੇ । ਉਨ੍ਹਾਂ ਕਿਹਾ ਕਿ ਝੋਨੇ ਦੀ ਘੱਟ ਸਮਾਂ ਲੈਣ ਵਾਲੀ ਪੀ.ਆਰ 126 ਕਿਸਮ ਦੀ ਵਿਕਰੀ ਨੂੰ ਉਤਸ਼ਾਹਿਤ ਕੀਤਾ ਜਾਵੇ । ਇਸ ਮੌਕੇ ਮਾਰਕੀਟ ਵਿਚ ਬੀਜ ਦੀ ਖਰੀਦ ਕਰਨ ਆਏ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ਸ਼ੁਦਾ ਕਿਸਮਾਂ ਪੀ.ਆਰ 126 ਅਤੇ 131 ਦੀ ਜ਼ਿਆਦਾ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਪੂਸਾ 44 ਕਿਸਮ ਦੀ ਬਿਲਕੁੱਲ ਕਾਸ਼ਤ ਨਹੀਂ ਕੀਤੀ ਜਾਵੇਗੀ । ਇਸ ਮੌਕੇ  ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਗੋਇਲ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਕੇਵਲ ਝੋਨੇ ਦੀ ਕਿਸਮ ਪੀ.ਆਰ 126 ਅਤੇ 131 ਦਾ ਮਿਆਰੀ ਬੀਜ ਹੀ ਪੱਕਾ ਬਿੱਲ ਕੱਟਣ ਉਪਰੰਤ ਕਿਸਾਨਾਂ ਨੂੰ ਵਿਕਰੀ ਕਰਨਗੇ।