ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਆਓ ਆਓ ਮਤਦਾਨ ਕਰੀਏ” ਰਲੀਜ਼

Ferozepur

ਫ਼ਿਰੋਜ਼ਪੁਰ, 14 ਮਈ 2024:

            ਅਗਾਮੀ ਲੋਕ ਸਭਾ ਚੋਣਾਂ 2024 ਵਿੱਚ ਹਰੇਕ ਵੋਟਰ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਭਾਰਤ ਦੇ ਚੋਣ ਕਮਿਸ਼ਨ, ਰਾਜ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ, ਜ਼ਿਲ੍ਹਾ ਚੋਣ ਦਫ਼ਤਰ ਤੇ ਜ਼ਿਲ੍ਹਾ ਸਵੀਪ ਟੀਮ ਟੀਮ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਇਕ ਹੋਰ ਗੀਤ ’ਆਓ ਆਓ ਮਤਦਾਨ ਕਰੀਏ’ ਤਿਆਰ ਕੀਤਾ ਗਿਆ ਜਿਸ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਵੱਲੋਂ ਰਲੀਜ਼ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਅਤੇ ਐਸ.ਡੀ.ਐਮ. ਡਾ. ਚਾਰੂਮਿਤਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

            ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੱਖ-ਵੱਖ ਸਵੀਪ ਗਤੀਵਿਧੀਆਂ ਜਿਨ੍ਹਾਂ ਵਿੱਚ ਸਵੀਪ ਗੀਤ, ਸਵੀਪ ਗਿੱਧਾ, ਸਕਿੱਟਾਂ, ਨੁੱਕੜ ਨਾਟਕ ਆਦਿ ਰਾਹੀਂ ਲੋਕਾਂ ਨੂੰ ਮਤਦਾਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲੜੀ ਵਿੱਚ ਇਕ ਹੋਰ ਸਵੀਪ ਗੀਤ ’ਆਓ ਆਓ ਮਤਦਾਨ ਕਰੀਏ’ ਅੱਜ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਫਿਰੋਜ਼ਪੁਰ ਦੇ ਗਾਇਕ ਲੰਕੇਸ਼ ਕਮਲ ਨੇ ਗਾਇਆ ਅਤੇ ਪ੍ਰਸਿੱਧ ਗੀਤਕਾਰ ਗਿੱਲ ਗੁਲਾਮੀਵਾਲਾ ਨੇ ਲਿਖਿਆ ਹੈ ਤੇ ਇਸ ਦੀ ਵੀਡੀਓ ਵਿੱਚ ਪੰਜਾਬੀ ਅਦਾਕਾਰ ਸ਼ਮਸ਼ੇਰ ਸੰਮਾ ਤੇ ਲਾਡੀ ਝੋਕ ਨੇ ਆਪਣੀ ਅਦਾਕਾਰੀ ਕੀਤੀ ਅਤੇ ਵੀਡੀਓ ਟੀਮ ਰਜਿੰਦਰ ਵੱਲੋਂ ਤਿਆਰ ਕੀਤੀ ਗਈ ਹੈ।

            ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਇਸ ਤਿਉਹਾਰ ‘ਚੋਣਾਂ ਦਾ ਪਰਵ ਦੇਸ਼ ਦਾ ਗਰਵ’ ਵਿੱਚ 1 ਜੂਨ 2024 ਨੂੰ ਹਰ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਹਿੱਸਾ ਲਵੇ। ਇਨ੍ਹਾਂ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਬਿਨਾ ਕਿਸੇ ਡਰ, ਪੱਖਪਾਤ ਤੇ ਲਾਲਚ ਤੋਂ ਇਸਤੇਮਾਲ ਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ।

            ਉਨ੍ਹਾਂ ਸਮੁੱਚੇ ਚੋਣ ਅਮਲੇ ਅਤੇ ਜ਼ਿਲ੍ਹਾ ਸਵੀਪ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਯਤਨਾਂ ਸਦਕਾ ਜ਼ਿਲ੍ਹਾ ਸਵੀਪ ਟੀਮ ਫ਼ਿਰੋਜ਼ਪੁਰ ਨੇ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਜ਼ਿਲ੍ਹਾ ਸਵੀਪ ਟੀਮ ਫ਼ਿਰੋਜ਼ਪੁਰ ਵੱਲੋਂ ਕੀਤੇ ਜਾ ਰਹੇ ਵੋਟਰ ਜਾਗਰੂਕਤਾ ਉਪਰਾਲਿਆਂ ਨੂੰ ਕੌਮੀ ਪੱਧਰ ’ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟਰ ਜਾਗਰੂਕਤਾ ਅਤੇ 80 ਫੀਸਦੀ ਤੋਂ ਵੱਧ ਵੋਟ ਦਾ ਟੀਚਾ ਹਾਸਿਲ ਕਰਨ ਵਿੱਚ ਇਨ੍ਹਾਂ ਵੱਲੋਂ ਬਹੁਤ ਹੀ ਮਿਹਨਤ ਕੀਤੀ ਜਾ ਰਹੀ ਹੈ ਜਿਸ ਲਈ ਚੋਣ ਅਮਲੇ ਤੇ ਸਵੀਪ ਟੀਮ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ ਜੋ ਲੋਕਤੰਤਰ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਪੂਰਨ ਯੋਗਦਾਨ ਦੇ ਰਹੇ ਹਨ।

            ਇਸ ਮੌਕੇ ਇਲੈਕਸ਼ਨ ਤਹਿਸੀਲਦਾਰ ਚਾਂਦ ਪ੍ਰਕਾਸ਼ ਤੇ ਜ਼ਿਲ੍ਹਾ ਸਵੀਪ ਕੌਆਰਡੀਨੇਟਰ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਗੀਤ ਨੂੰ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੀ ਪ੍ਰੇਰਨਾ ਨਾਲ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਲੈਕਸ਼ਨ ਦਫ਼ਤਰ, ਜ਼ਿਲ੍ਹਾ ਸਵੀਪ ਟੀਮ ਅਤੇ ਜ਼ਿਲ੍ਹਾ ਸਵੀਪ ਆਰਟਿਸਟ ਟੀਮ  ਵੱਲੋਂ ਵੋਟਰ ਜਾਗਰੂਕਤਾ ਲਈ ਵੱਡੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ।

            ਇਸ ਮੌਕੇ ਨੋਡਲ ਅਫ਼ਸਰ ਐਮ.ਸੀ.ਐਮ.ਸੀ.-ਕਮ-ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ, ਇਲੈਕਸ਼ਨ ਕਾਨੂੰਗੋ ਗਗਨਦੀਪ ਕੌਰ, ਜ਼ਿਲ੍ਹਾ ਪ੍ਰੋਗਰਾਮਰ ਤਰਲੋਚਨ ਸਿੰਘ, ਸਰਬਜੀਤ ਸਿੰਘ ਭਾਵੜਾ, ਰਵੀ ਇੰਦਰ ਸਿੰਘ, ਲਖਵਿੰਦਰ ਸਿੰਘ, ਪ੍ਰਗਟ ਗਿੱਲ, ਡਾ. ਅਮਰਜੋਤੀ ਮਾਂਗਟ ਸਵੀਪ ਮੈਂਬਰ, ਮੈਡਮ ਸ਼ਮਾ, ਸੁਖਚੈਨ ਸਿੰਘ, ਹਿਮਾਂਸ਼ੂ, ਸਨੀ ਤੇ ਕਮਲ ਸ਼ਰਮਾ ਵੀ ਹਾਜ਼ਰ ਸਨ।