ਫ਼ਿਰੋਜ਼ਪੁਰ, 08 ਮਈ 2024:
ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਲੋਕ ਸਭਾ ਹਲਕਾ 10-ਫਿਰੋਜ਼ਪੁਰ ਲਈ ਨਿਯੁਕਤ ਖਰਚਾ ਨਿਗਰਾਨ ਸ੍ਰੀ ਨਗੇਂਦਰ ਯਾਦਵ ਆਈ.ਆਰ.ਐੱਸ. ਵੱਲੋਂ ਹਲਕੇ ਦੇ ਸਮੂਹ ਸਹਾਇਕ ਖਰਚਾ ਅਬਜ਼ਰਵਰਜ਼ ਅਤੇ ਜ਼ਿਲ੍ਹਾ ਖਰਚਾ ਮਾਨੀਟਰਿੰਗ ਸੈੱਲ ਦੇ ਅਧਿਕਾਰੀਆਂ ਨਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ ਗਈ ਤੇ ਸਿਆਸੀ ਪਾਰਟੀਆਂ / ਉਮੀਦਵਾਰਾਂ ਵੱਲੋਂ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਖਰਚੇ ਦੇ ਨਿਰੀਖਣ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨਾਲ ਏ.ਸੀ.ਐਫ਼.ਏ. ਸ੍ਰੀ ਹਰਜਸਦੀਪ ਸਿੰਘ ਸਿੱਧੂ ਅਤੇ ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰਗਟ ਸਿੰਘ ਬਰਾੜ ਵੀ ਹਾਜ਼ਰ ਸਨ।
ਇਸ ਦੌਰਾਨ ਸਮੂਹ ਸਹਾਇਕ ਖਰਚਾ ਅਬਜ਼ਰਵਰਜ਼ ਅਤੇ ਜ਼ਿਲ੍ਹਾ ਖਰਚਾ ਮਾਨੀਟਰਿੰਗ ਸੈੱਲ ਦੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਅਤੇ ਉਨ੍ਹਾਂ ਨੂੰ ਪੀ.ਪੀ.ਟੀ. ਰਾਹੀਂ ਵੀ.ਐਸ.ਟੀ., ਵੀ.ਵੀ.ਟੀ., ਐਸ.ਐਸ.ਟੀ., ਲੇਖਾ ਟੀਮ, ਸ਼ਿਕਾਇਤ ਸੈੱਲ ਅਤੇ ਐਮ.ਸੀ.ਐਮ.ਸੀ. ਸੈੱਲ ਦੀ ਕਾਰਜ ਪ੍ਰਣਾਲੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਸਹਾਇਕ ਖਰਚਾ ਅਬਜ਼ਰਵਰਜ਼ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੇ ਸ਼ੰਕੇ ਵੀ ਦੂਰ ਕੀਤੇ ਗਏ।
ਸ਼੍ਰੀ ਨਗੇਂਦਰ ਯਾਦਵ ਨੇ ਕਿਹਾ ਕਿ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੀ ਹਰ ਗਤੀਵਿਧੀ ਅਤੇ ਉਨ੍ਹਾਂ ਵੱਲੋਂ ਚੋਣਾਂ ਦੌਰਾਨ ਕੀਤੇ ਜਾਂਦੇ ਖ਼ਰਚਿਆਂ ਉੱਤੇ ਚੌਕਸੀ ਨਾਲ ਨਜ਼ਰ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਿੰਟਿੰਗ ਪ੍ਰੈਸਾਂ ਰਾਹੀਂ ਪ੍ਰਕਾਸ਼ਤ ਹੋਣ ਵਾਲੀ ਚੋਣ ਪ੍ਰਚਾਰ ਸਮੱਗਰੀ ਸਬੰਧੀ ਮੁਹੱਈਆ ਕਰਵਾਏ ਜਾਣ ਵਾਲੇ ਵੇਰਵਿਆਂ ਨੂੰ ਵੀ ਜਾਂਚਿਆ ਜਾਵੇ ਕਿਉਂਕਿ ਪੋਸਟਰਾਂ, ਬੈਨਰਾਂ ਆਦਿ ਦੀ ਦੱਸੀ ਜਾਣ ਵਾਲੀ ਗਿਣਤੀ ਅਤੇ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਅਸਲ ਗਿਣਤੀ ਵਿੱਚ ਫ਼ਰਕ ਪਾਏ ਜਾਣ ਦੀ ਸੰਭਾਵਨਾ ਵੀ ਹੁੰਦੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਦੇ ਖ਼ਰਚਿਆਂ ਦਾ ਸ਼ੈਡੋ ਰਜਿਸਟਰਾਂ ਨਾਲ ਮਿਲਾਣ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਫੀਲਡ ਵਿੱਚ ਤਾਇਨਾਤ ਟੀਮਾਂ ਚੋਣ ਪ੍ਰਚਾਰ ਕਰਦੇ ਵਾਹਨਾਂ ਉਤੇ ਲਗਾਈ ਜਾਣ ਵਾਲੀ ਪ੍ਰਚਾਰ ਸਮੱਗਰੀ ਤੇ ਵੀ ਨਜ਼ਰ ਰੱਖੀ ਜਾਵੇ।
ਸ਼੍ਰੀ ਯਾਦਵ ਨੇ ਕਿਹਾ ਕਿ ਚੋਣਾਂ ਸਬੰਧੀ ਕਿਸੇ ਵੀ ਕਿਸਮ ਦਾ ਖ਼ਰਚਾ ਛੁਪਾਉਣ ਜਾਂ ਘੱਟ ਦਰਸਾਉਣ ‘ਤੇ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਚੋਣ ਮੀਟਿਗਾਂ ਆਦਿ ਤੋਂ ਪਹਿਲਾਂ ਆਰ.ਓ. ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਮੂਹ ਸਹਾਇਕ ਖਰਚਾ ਅਬਜ਼ਰਵਰਜ਼ ਨੂੰ ਸਟਾਰ ਪ੍ਰਚਾਰਕਾਂ ਦੇ ਖਰਚੇ ਅਤੇ ਵਿਵਸਥਾ ਬਾਰੇ ਵੀ ਵਿਸਥਾਰ ਸਹਿਤ ਜਾਣੂ ਕਰਵਾਇਆ ਗਿਆ।
ਮੀਟਿੰਗ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ-ਕਮ-ਨੋਡਲ ਅਫ਼ਸਰ ਐਮ.ਸੀ.ਐਮ.ਸੀ. ਅਮਰੀਕ ਸਿੰਘ, ਡੀ.ਡੀ.ਐਫ਼. ਸੌਰਭ ਕੁਮਾਰ ਸਮੇਤ ਸਮੂਹ ਸਹਾਇਕ ਖ਼ਰਚਾ ਅਬਜ਼ਰਵਜ਼ ਹਾਜ਼ਰ ਸਨ।