ਉਮੀਦਵਾਰਾਂ ਦੇ ਚੋਣ ਖਰਚੇ ਉੱਪਰ ਨਿਗਾ ਰੱਖ ਰਹੀਆਂ ਟੀਮਾਂ ਦੀ ਕਰਵਾਈ ਜਾਵੇ ਵਿਸ਼ੇਸ਼ ਟ੍ਰੇਨਿੰਗ – ਖਰਚਾ ਅਬਜ਼ਰਵਰ

Amritsar

ਅੰਮ੍ਰਿਤਸਰ 7 ਮਈ 2024—

          ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜ੍ਹ ਰਹੇ ਉਮੀਦਵਾਰਾਂ ਦੇ ਚੋਣ ਖਰਚੇ ਤੇ ਬਾਜ ਅੱਖ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਤਾਇਨਾਤ ਕੀਤਾ ਗਏ ਖਰਚਾ ਅਬਜਰ਼ਵਰ ਸ੍ਰੀ ਬਾਰੇ ਗਣੇਸ਼ ਸੁਧਾਕਰ ਨੇ ਅੱਜ ਜਿਲ੍ਹਾ ਪ੍ਰਸ਼ਾਸ਼ਨ ਨਾਲ ਕੀਤੀ ਪਲੇਠੀ ਮੀਟਿੰਗ ਵਿੱਚ ਹੁਣ ਤੱਕ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲੈਂਦੇ ਹੋਏ ਕਿਹਾ ਕਿ ਖਰਚੇ ਉਤੇ ਲਗਾਤਾਰ ਕੰਮ ਕਰ ਰਹੀਆਂ ਟੀਮਾਂ ਦੀ ਵਿਸ਼ੇਸ਼ ਸਿਖਲਾਈ ਕਰਵਾਈ ਜਾਵੇ ਤਾਂ ਜੋ ਕੋਈ ਵੀ ਅਜਿਹਾ ਪਹਿਲੂ ਅਧੂਰਾ ਨਾ ਰਹੇ, ਜੋ ਕਿ ਚੋਣ ਖਰਚੇ ਨੂੰ ਪ੍ਰਭਾਵਿਤ ਕਰਦਾ ਹੋਵੇ। ਉਨਾਂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ ਹਰੇਕ ਉਮੀਦਵਾਰ ਦੇ ਖਰਚੇ ਉਤੇ ਨਿਗਾ ਰੱਖੀ ਜਾਵੇਗੀ ਤਾਂ ਕਿ ਕੋਈ ਵੀ ਉਮੀਦਵਾਰ ਵੱਧ ਖਰਚਾ ਕਰਕੇ ਵੋਟਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਾ ਕਰ ਸਕੇ।  ਇਸ ਮੌਕੇ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਜਿਲ੍ਹੇ ਵਿੱਚ ਚੋਣਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਵਿਸਥਾਰ ਸਹਿਤ ਵੇਰਵਾ ਦਿੰਦੇ ਹੋਏ ਸਾਰੇ ਏ.ਆਰ.ਓਜ਼ ਨੂੰ ਹਦਾਇਤ ਕੀਤੀ ਕਿ  ਚੋਣਾਂ  ਦੌਰਾਨ ਮੌਸਮ ਵਿਭਾਗ ਵੱਲੋਂ ਵੋਟਾਂ ਵਾਲੇ ਦਿਨ ਭਾਵ 1 ਜੂਨ ਨੂੰ ਜ਼ਿਆਦਾ ਗਰਮੀ ਹੋਣ ਸਬੰਧੀ ਕੀਤੀ ਗਈ ਭਵਿੱਖਬਾਣੀ ਦੇ ਮੱਦੇਨਜ਼ਰ ਗਰਮੀ ਤੋਂ ਬਚਾਅ ਲਈ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਢੁੱਕਵੇਂ ਕਦਮ ਚੁੱਕੇ ਜਾਣ ਅਤੇ ਇਹ ਸਹੂਲਤ ਹੋਣ ਵਾਲੀਆਂ ਚੋਣ  ਅਭਿਆਸਾਂ ਦੌਰਾਨ ਵੀ ਰੱਖੀ ਜਾਵੇ।

ਉਨਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ਅਤੇ ਚੋਣਾਂ ਨਾਲ ਸਬੰਧਤ ਹੋਰ ਸੈਂਟਰਾਂ ਉੱਤੇ ਢੁੱਕਵੇਂ ਪ੍ਰਬੰਧ ਜਿਵੇਂ ਕਿ ਛਾਂ, ਪੀਣ ਵਾਲਾ ਪਾਣੀ, ਵੇਟਿੰਗ ਏਰੀਆ, ਪੁਰਸ਼ਾਂ ਅਤੇ ਮਹਿਲਾਵਾਂ ਲਈ ਸਾਫ਼-ਸੁਥਰੇ ਪਖਨਿਆਂ ਦੇ ਸੁਚਾਰੂ ਪ੍ਰਬੰਧ ਹੋਣ।

ਇਸ ਤੋਂ ਇਲਾਵਾ ਸਾਰੇ ਸਿਖਲਾਈ ਸਥਾਨਾਂ, ਡਿਸਪਰਸਲ ਤੇ ਕੁਲੈਕਸ਼ਨ ਸੈਂਟਰਾਂ, ਪੋਲਿੰਗ ਸਟੇਸ਼ਨਾਂ ‘ਤੇ ਲੋੜੀਂਦੀਆਂ ਦਵਾਈਆਂ (ਓ.ਆਰ.ਐਸ. ਘੋਲ ਆਦਿ) ਅਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਕੀਤੀ ਜਾਵੇ।  ਉਨਾਂ ਕਿਹਾ ਕਿ ਸਟਾਫ਼ ਲਈ ਕੂਲਰ, ਰਿਫਰੈਸ਼ਮੈਂਟ ਆਦਿ ਦੇ ਪ੍ਰਬੰਧਾਂ ਤੋਂ ਇਲਾਵਾ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ, ਗਰਮੀ ਤੋਂ ਰਾਹਤ ਲਈ ਟੈਟਾਂ ਦਾ ਢੁਕਵਾਂ ਪ੍ਰਬੰਧ, ਸੰਕੇਤਕ ਚਿੰਨ੍ਹਾਂ ਦੀ ਵਿਵਸਥਾ ਅਤੇ ਪੋਲਿੰਗ ਪਾਰਟੀ ਦੇ ਕੁਲੈਕਸ਼ਨ ਸੈਂਟਰਾਂ ‘ਤੇ ਪਹੁੰਚਣ ਅਤੇ ਪੋਲਿੰਗ ਸਮੱਗਰੀ ਸੌਂਪਣ ਤੋਂ ਬਾਅਦ ਪੋਲਿੰਗ ਸਟਾਫ਼ ਨੂੰ ਘਰ ਛੱਡਣ ਲਈ ਆਵਾਜਾਈ ਦੀਆਂ ਸਹੂਲਤਾਂ ਯਕੀਨੀ ਬਣਾਉਣ ਲਈ ਹਦਾਇਤ ਵੀ ਕੀਤੀ।

               ਇਸ ਮੌਕੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੇ ਪੁਲਿਸ ਅਧਿਕਾਰੀਆਂ ਨਾਲ ਹਦਾਇਤ ਕੀਤੀ ਕਿ ਉਹ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਵਲ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ। ਉਨਾਂ ਕਿਹਾ ਕਿ ਅਸੀਂ ਸਾਰੇ ਇਸ ਮਿਸ਼ਨ ਲਈ ਕੰਮ ਕਰ ਰਹੇ ਹਾਂ ਅਤੇ ਇਸ ਲਈ ਜ਼ਰੂਰੀ ਹੈ ਕਿ ਤੁਹਾਡਾ ਰਾਬਤਾ ਲਗਾਤਾਰ ਬਣਿਆ ਰਹੇ।

          ਜਿਲ੍ਹਾ ਪੁਲਿਸ ਮੁੱਖੀ ਸ੍ਰੀ ਸਤਿੰਦਰ ਸਿੰਘ ਨੇ ਜਿਲ੍ਹੇ ਦੇ ਡੀ.ਐਸ.ਪੀਜ਼ ਨੂੰ ਹਦਾਇਤ ਕੀਤੀ ਕਿ ਉਹ ਰੋਜ਼ਾਨਾ ਆਪਣੇ ਆਪਣੇ ਹਲਕੇ ਦੇ ਸਹਾਇਕ ਚੋਣ ਅਧਿਕਾਰੀ ਨਾਲ ਮੀਟਿੰਗ ਕਰਨ ਅਤੇ ਫੀਲਡ ਵਿੱਚ ਇਕੱਠੇ ਜਾਣ। ਜਿਸ ਨਾਲ ਚੋਣਾਂ ਦੌਰਾਨ ਹੋਣ ਵਾਲੇ ਬਹੁਤੇ ਪ੍ਰਬੰਧ ਮੁਕੰਮਲ ਕਰਨ ਵਿੱਚ ਵੱਡੀ ਮੱਦਦ ਮਿਲੇਗੀ।

          ਇਸ ਮੌਕੇ ਏ.ਡੀ.ਸੀ. ਸ੍ਰੀ ਨਿਕਾਸ ਕੁਮਾਰ, ਸ੍ਰੀਮਤੀ ਜੋਤੀ ਬਾਲਾ, ਸ੍ਰੀਮਤੀ ਪਰਮਜੀਤ ਕੌਰ ਅਤੇ ਸਾਰੇ ਸਹਾਇਕ ਰਿਟਰਨਿੰਗ ਅਧਿਕਾਰੀ ਹਾਜ਼ਰ ਸਨ।