ਮੋਗਾ 5 ਮਈ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਅਤੇ ਸਹਾਇਕ ਕਮਿਸ਼ਨਰ ਕਮ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਮੋਗਾਸ਼ੂਭੀ ਆਂਗਰਾ ਦੀ ਦੇਖ ਰੇਖ ਹੇਠ ਚੱਲ ਰਹੇ ਸਵੀਪ ਪ੍ਰੋਗਰਾਮ ਅਧੀਨ ਉਦਯੋਗਾਂ ਵਿੱਚ ਕੰਮ ਕਰ ਰਹੇ ਕਾਮਿਆਂ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਾਸਤੇ ਜਾਗਰੂਕ ਕਰਨ ਸੰਬੰਧੀ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਖੋਸਾ ਪਾਂਡੋ ਸਥਿਤ ਮਸਾਲਾ ਫੈਕਟਰੀ ਪਾਰਸ ਸਪਾਈਸਜ ਵਿੱਚ ਲਗਾਇਆ ਗਿਆ ਜਿਸ ਵਿੱਚ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ ਗੁਰਪ੍ਰੀਤ ਸਿੰਘ ਘਾਲੀ ਨੇ ਸ਼ਿਰਕਤ ਕੀਤੀ ।
ਇਸ ਕੈਂਪ ਵਿੱਚ ਫੈਕਟਰੀ ਦੇ ਤਕਰੀਬਨ 200 ਮੁਲਾਜ਼ਮ ਹਾਜਰ ਸਨ । ਪ੍ਰੋ ਘਾਲੀ ਨੇ ਓਹਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਮਿਲੇ ਵੋਟ ਦੇ ਅਧਿਕਾਰ ਦਾ ਸਾਨੂੰ ਸਭ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ । ਸਾਨੂੰ ਆਪਣੇ ਪਰਿਵਾਰ ਸਹਿਤ 01 ਜੂਨ 2024 ਨੂੰ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਜਾ ਕੇ ਵੋਟ ਜਰੂਰ ਪਾਉਣੀ ਚਾਹੀਦੀ ਹੈ । ਇਸ ਅਪੀਲ ਨੂੰ ਸਭ ਨੇ ਜ਼ੋਰਦਾਰ ਢੰਗ ਨਾਲ ਸਮਰਥਨ ਦਿੱਤਾ ਅਤੇ ਵਾਅਦਾ ਕੀਤਾ ਕਿ ਉਹ ਸਾਰੇ ਬਿਨਾਂ ਕਿਸੇ ਲਾਲਚ ਜਾਂ ਡਰ ਦੇ ਮਤਦਾਨ ਕਰਨ ਜਰੂਰ ਜਾਣਗੇ । ਇਸ ਸਮੇਂ ਓਹਨਾਂ ਨੂੰ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਵਿਸਤਾਰ ਸਹਿਤ ਦੱਸਿਆ ਅਤੇ ਸਮੂਹ ਕਾਮਿਆਂ ਨੇ ਇਹਨਾਂ ਸਹੂਲਤਾਂ ਬਾਰੇ ਜਾਣਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਨਾਲ ਹੀ ਚੋਣ ਕਮਿਸ਼ਨ ਦਾ ਧੰਨਵਾਦ ਵੀ ਕੀਤਾ ਕਿ ਹੁਣ ਵੋਟਰਾਂ ਪ੍ਰਤੀ ਕਮਿਸ਼ਨ ਜਿਆਦਾ ਧਿਆਨ ਦੇ ਰਿਹਾ ਹੈ । ਪ੍ਰੋ ਘਾਲੀ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਵੋਟਰ ਕਾਰਡ ਨਹੀਂ ਹੈ ਤਾਂ ਵੀ ਤੁਸੀ ਵੋਟ ਪਾ ਸਕਦੇ ਹੋ । ਜੇਕਰ ਤੁਹਾਡਾ ਨਾਂ ਵੋਟਰ ਸੂਚੀ ਵਿੱਚ ਹੈ ਤਾਂ ਤੁਸੀਂ ਆਪਣਾ ਕੋਈ ਵੀ ਸ਼ਿਨਾਖਤੀ ਪੱਤਰ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਲਿਜਾਕੇ ਆਪਣਾ ਵੋਟ ਪਾ ਸਕਦੇ ਹੋ । ਇਸ ਪ੍ਰੋਗਰਾਮ ਦੌਰਾਨ ਵੋਟਾਂ ਨਾਲ ਸਬੰਧਤ ਮੋਬਾਇਲ ਐਪ ਜਿਵੇਂ ਕਿ ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ, ਸੀ ਵਿਜਿਲ ਐਪ ਅਤੇ ਹੈਲਪ ਲਾਈਨ ਨੰਬਰ 1950 ਬਾਰੇ ਵੀ ਜਾਣਕਾਰੀ ਦਿੱਤੀ ਗਈ । ਪ੍ਰੋਗਰਾਮ ਦੇ ਅੰਤ ਵਿੱਚ ਫੈਕਟਰੀ ਕਾਮਿਆਂ ਨੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਵੋਟਾਂ ਵਾਲੇ ਦਿਨ ਆਪਣੇ ਘਰਾਂ ਤੋਂ ਨਿਕਲਣ ਅਤੇ ਆਪਣੇ ਪਰਿਵਾਰ ਸਹਿਤ ਵੋਟ ਜਰੂਰ ਪਾਉਣ ਜਾਣ।