ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੋਗਾ ਦੇ ਪ੍ਰੈਸ ਪ੍ਰਤੀਨਿਧੀਆਂ ਨਾਲ ਮੀਟਿੰਗ

Moga

ਮੋਗਾ, 3 ਮਈ:
ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਜ਼ਿਲ੍ਹਾ ਦੇ ਪ੍ਰੈਸ ਪ੍ਰਤੀਨਿਧੀਆਂ ਨਾਲ ਮੀਟਿੰਗ ਦਾ ਆਯੋਜਨ ਕਰਕੇ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ, ਸਹਾਇਕ ਕਮਿਸ਼ਨਰ (ਜ) ਸ਼ੁਭੀ ਆਂਗਰਾ ਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਮੋਗਾ ਦੇ  ਪ੍ਰੈਸ ਪ੍ਰਤੀਨਿਧੀ ਸ਼ਾਮਿਲ ਹੋਏ।  
ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਮਾਜ ‘ਚ ਮੀਡੀਆ ਦੀ ਦੀ ਇੱਕ ਬੜੀ ਵੱਡੀ ਮਹੱਤਵਪੂਰਨ ਭੂਮਿਕਾ ਹੈ ਅਤੇ ਇਸ ਨੂੰ ਲੋਕਤੰਤਰ ਦਾ ਚੌਥਾ ਥੰਮ ਵੀ ਕਿਹਾ ਜਾਂਦਾ ਹੈ। ਮੀਡੀਆ, ਵਿਅਕਤੀਆਂ ਦੇ ਜਮਹੂਰੀ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਦੇਸ਼ ਦੇ ਨਾਗਰਿਕਾਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਲਈ ਕੰਮ ਕਰਦੀ ਹੈ।
ਪ੍ਰੈਸ ਪ੍ਰਤੀਨਿਧੀਆਂ ਨਾਲ ਜ਼ਿਲ੍ਹਾ ਪ੍ਰ਼ਸ਼ਾਸ਼ਨ ਵੱਲੋਂ ਸਵੀਪ ਗਤੀਵਿਧੀ ਵੀ ਕੀਤੀ ਗਈ ਜਿਸ ਵਿੱਚ ਵੋਟਾਂ ਨਾਲ ਸਬੰਧਤ ਹਰੇਕ ਪ੍ਰਕਾਰ ਦੀ ਜਾਣਕਾਰੀ ਪੀ.ਪੀ.ਟੀ. ਰਾਹੀਂ ਸਮਝਾਈ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੀਪ ਟੀਮ ਮੋਗਾ ਜਿਸਦੀ ਅਗਵਾਈ ਸਹਾਇਕ ਕਮਿਸ਼ਨਰ (ਜ) ਸ਼ੁਭੀ ਆਂਗਰਾ ਕਰ ਰਹੇ ਹਨ ਤਹਿਤ ਹਰ ਰੋਜ਼ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਕਿ ਵੋਟ ਫੀਸਦੀ ਵਿੱਚ 70 ਤੋਂ ਵੀ ਪਾਰ ਦਾ ਵਾਧਾ ਕੀਤਾ ਜਾ ਸਕੇ। ਹੁਣ ਤੱਕ ਹੋਈਆਂ ਸਵੀਪ ਗਤੀਵਿਧੀਆਂ ਦੀ ਪ੍ਰੈਸ ਕਵਰੇਜ਼ ਲਈ ਡਿਪਟੀ ਕਮਿਸ਼ਨਰ ਨੇ ਪ੍ਰੈਸ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਉਹ ਅੱਗੇ ਹੋਣ ਵਾਲੀਆਂ ਗਤੀਵਿਧੀਆਂ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਲਈ ਇਸੇ ਤਰ੍ਹਾਂ ਯਤਨਸ਼ੀਲ ਰਹਿਣਗੇ। ਵੋਟਾਂ ਵਿੱਚ ਮੱਦਦਗਾਰ ਐਪਸ ਸਕਸ਼ਮ ਐਪ, ਵੋਟਰ ਹੈਲਪਲਾਈਨ ਐਪ, ਸੀ ਵਿਜ਼ਲ ਐਪ ਅਤੇ ਵੋਟਰ ਹੈਲਪਲਾਈਨ ਨੰਬਰ ਦਾ ਪ੍ਰੈਸ ਪ੍ਰਤੀਨਿਧੀਆਂ ਨੂੰ ਵੱਧ ਤੋਂ ਵੱਧ ਪ੍ਰਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਦਿਵਿਆਂਗਜਨਾਂ ਤੇ ਮਹਿਲਾ ਵੋਟਰਾਂ ਨੂੰ ਵਿਸ਼ੇਸ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਉਹ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਉਨ੍ਹਾਂ ਦੱਸਿਆ ਕਿ ਸਮੂਹ ਪ੍ਰੈਸ ਨੂੰ ਪਤਾ ਹੀ ਹੈ ਕਿ ਹੁਣ ਚੋਣਾਂ ਦੇ ਐਲਾਨ ਨਾਲ ਦੇਸ਼ ਵਿੱਚ ਚੋਣ ਜਾਬਤਾ ਲੱਗਾ ਹੋਇਆ ਹੈ ਇਸ ਲਈ ਪ੍ਰੈਸ ਪ੍ਰਤੀਨਿਧੀ ਸਿਆਸੀ ਇਸ਼ਤਿਹਾਰਬਾਜੀ ਅਤੇ ਖਬਰਾਂ ਨੂੰ ਚੋਣ ਜਾਬਤੇ ਦੇ ਦਾਇਰੇ ਵਿੱਚ ਰਹਿ ਕੇ ਹੀ ਕਵਰ ਕਰਨ ਨੂੰ ਯਕੀਨੀ ਬਣਾਉਣ।  
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਇਸ ਵਾਰ ਹਰੇਕ ਪੋਲਿੰਗ ਬੂਥ ਉੱਪਰ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ, ਸ਼ਾਮਿਆਨੇ, ਮੈਡੀਕਲ ਸਹੂਲਤਾਂ ਨਾਲ ਲੈਸ ਪੋਲਿੰਗ ਬੂਥ ਇਸ ਵਾਰ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਨਗੇ।
ਸਹਾਇਕ ਕਮਿਸ਼ਨਰ (ਜ)-ਕਮ-ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਨੇ ਦੱਸਿਆ ਕਿ ਮੋਗਾ ਵਿੱਚ ਕੁੱਲ 7.5 ਲੱਖ ਵੋਟਰ ਹਨ ਸਵੀਪ ਟੀਮਾਂ ਦੀ ਮੱਦਦ ਨਾਲ ਹੁਣ ਤੱਕ ਕਰੀਬ 60 ਫੀਸਦੀ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਜਾ ਚੁੱਕਾ ਹੈ ਅਤੇ ਇਹ ਅੱਗੇ ਵੀ ਜਾਰੀ ਹੈ।
ਉਨ੍ਹਾਂ ਹਾਜ਼ਰ ਹੋਏ ਪ੍ਰੈਸ ਪ੍ਰਤੀਨਿਧੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਵੋਟ ਫੀਸਦੀ ਵਧਾਉਣ ਲਈ ਆਪਣੇ ਆਪਣੇ ਪੱਧਰ ਉੱਪਰ ਜਰੂਰ ਉਪਰਾਲੇ  ਕਰਨਗੇ। ਪ੍ਰੈਸ ਪ੍ਰਤੀਨਿਧੀਆਂ ਨੇ ਵੀ ਪ੍ਰਸ਼ਾਸ਼ਨ ਨੂੰ ਵਿਸ਼ਵਾਸ਼ ਦਿਵਾਇਆ ਕਿ ਵੋਟਾਂ ਪ੍ਰਤੀ ਵੱਧ ਤੋਂ ਵੱਧ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਵਚਨਬੱਧ ਰਹਿਣਗੇ।