ਫਿਰੋਜ਼ਪੁਰ 02 ਮਈ 2024 ( ) ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਰ ਜਾਗਰੂਕਤਾ ਅਤੇ ਲੋਕ ਸਭਾ ਚੋਣਾਂ 2024 ਵਿੱਚ ਵੇਟ ਪੋਲ ਪ੍ਰਤੀਸ਼ਤ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਦੇ ਰਹਿਣ ਵਾਲੇ ਪ੍ਰਸਿੱਧ ਸਾਈਕਲਿਸਟ ਮਨਮੋਹਨ ਸਿੰਘ, ਜੋ ਸਾਈਕਲ ਯਾਤਰਾ ਰਾਹੀਂ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਪਹੁੰਚ ਕੇ ਵੋਟਰ ਜਾਗਰੂਕਤਾ ਦਾ ਸੰਦੇਸ਼ ਦੇ ਰਹੇ ਹਨ।
ਸਾਈਕਲਿਸਟ ਮਨਮੋਹਨ ਸਿੰਘ ਦੇ ਅੱਜ ਫਿਰੋਜ਼ਪੁਰ ਵਿਖੇ ਪਹੁੰਚਣ ਤੇ ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ ਅਤੇ ਸਵੀਪ ਟੀਮ ਫਿਰੋਜ਼ਪੁਰ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਫਿਰੋਜ਼ਪੁਰ ਦੀ ਸਵੀਪ ਮੁਹਿੰਮ ਨੂੰ ਹੋਰ ਚੰਗਾ ਹੁੰਗਾਰਾ ਮਿਲੇਗਾ। ਇਸ ਮੌਕੇ ਉਨਾਂ ਨਾਲ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਰਾਈਡਰ ਦੇ ਸਾਈਕਲਿਸਟ ਡਾ. ਆਕਾਸ਼ ਅਗਰਵਾਲ ਅਤੇ ਅਮਨ ਸ਼ਰਮਾ ਨੇ ਵੀ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਲੋਕਾਂ ਤੱਕ ਸਾਈਕਲ ਤੇ ਪਹੁੰਚ ਕੇ ਲੋਕਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕੀਤਾ। ਇਸ ਉਪਰੰਤ ਸਵੀਪ ਟੀਮ ਅਤੇ ਚੋਣ ਤਹਿਸੀਲਦਾਰ ਦਫਤਰ ਵੱਲੋਂ ਮਨਮੋਹਨ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਜ਼ਿਲ੍ਹਾ ਚੋਣ ਅਫਸਰ ਵੱਲੋਂ ਵਿਸ਼ੇਸ਼ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ।
ਮਨਮੋਹਨ ਸਿੰਘ ਨੇ ਜ਼ਿਲਾ ਚੋਣ ਅਫਸਰ ਅਤੇ ਸਵੀਪ ਟੀਮ ਦਾ ਦਾ ਧੰਨਵਾਦ ਕਰਦਿਆਂ ਆਪਣੀ ਯਾਤਰਾ ਦੇ ਉਦੇਸ਼ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਸਾਇਕਲ ਯਾਤਰਾ ਜ਼ਰੀਏ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਲਾਜ਼ਮੀ ਤੌਰ ਤੇ ਵਰਤੋਂ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਸ੍ਰੀਨਗਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦਾ ਲਗਭਗ 3700 ਕਿਲੋਮੀਟਰ ਦਾ ਸਫਰ 19 ਦਿਨਾਂ ਵਿੱਚ ਅਤੇ ਸੁਨਾਮ ਤੇ ਲੇਹ-ਲੱਦਾਖ ਦਾ 1990 ਕਿਲੋਮੀਟਰ ਦਾ ਸਫਰ 13 ਦਿਨਾਂ ਵਿਚ ਤੈਅ ਕਰ ਚੁੱਕੇ ਹਨ ਅਤੇ ਹੁਣ ਉਹ ਆਪਣੀ ਇਸੇ ਸਾਈਕਲ ਯਾਤਰਾਂ ਰਾਹੀਂ ਲੋਕਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦਾ ਸੰਦੇਸ਼ ਦੇਣਗੇ।
ਇਸ ਮੌਕੇ ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਚੋਣ ਕਾਨੂੰਗੋ ਗਗਨਦੀਪ ਕੌਰ, ਮੈਂਬਰ ਸਵੀਪ ਟੀਮ ਰਜਿੰਦਰ ਕੁਮਾਰ, ਚਮਕੌਰ ਸਿੰਘ, ਪਿੱਪਲ ਸਿੰਘ, ਡਾ. ਆਕਾਸ਼ ਅਗਰਵਾਲ, ਅਮਨ ਸ਼ਰਮਾ ਸਾਈਕਲਿਸਟ ਵੀ ਹਾਜ਼ਰ ਸਨ ।