ਫਾਜ਼ਿਲਕਾ 29 ਅਪ੍ਰੈਲ 2024………
ਡਿਪਟੀ ਕਮਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਹੈ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਅਨੁਸਾਰ ਕਿਸਾਨਾਂ ਨੂੰ 1028.6 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ 48 ਘੰਟੇ ਵਿਚ ਕਣਕ ਦੀ ਅਦਾਇਗੀ ਕਰਨ ਦੇ ਸਰਕਾਰੀ ਨਿਯਮ ਤੋਂ ਵੀ ਅੱਗੇ ਜਾ ਕੇ 48 ਘੰਟੇ ਤੋਂ ਵੀ ਪਹਿਲਾਂ ਅਦਾਇਗੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਆਂਕੜੇ ਸਾਂਝੇ ਕਰਦਿਆਂ ਦੱਸਿਆ ਕਿ 48 ਘੰਟੇ ਪਹਿਲਾਂ ਤੱਕ ਭਾਵ 26 ਅਪ੍ਰੈਲ ਤੱਕ ਜ਼ਿਲ੍ਹੇ ਵਿਚ 402836 ਮਿਟ੍ਰਿਕ ਟਨ ਕਣਕ ਦੀ ਖਰੀਦ ਹੋਈ ਸੀ ਅਤੇ ਇਸਦੇ ਬਦਲੇ ਕਿਸਾਨਾਂ ਨੂੰ 916.5 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਪਰ ਬੀਤੀ ਸ਼ਾਮ ਤੱਕ 1028.6 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਸੀ, ਭਾਵ ਉਨ੍ਹਾਂ ਕਿਸਾਨਾਂ ਨੂੰ ਵੀ ਅਦਾਇਗੀ ਹੋਈ ਹੈ ਜਿੰਨ੍ਹਾਂ ਦੀ ਫਸਲ ਵਿਕੀ ਨੂੰ ਹਾਲੇ 48 ਘੰਟੇ ਵੀ ਨਹੀਂ ਹੋਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਫਾਜ਼ਿਲਕਾ ਜ਼ਿਲੇ ਵਿਚ ਕਣਕ ਦੀ ਖਰੀਦ, ਲਿਫਟਿੰਗ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਦਾ ਹੋਰ ਤੇਜ਼ੀ ਲਿਆਉਣ ਦੇ ਨਾਲ ਫੂਡ ਸਪਲਾਈ, ਮੰਡੀ ਵਿਭਾਗ ਅਤੇ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਨਿਰਧਾਰਿਤ ਸਮੇਂ ਅੰਦਰ ਹੀ ਲਿਫਟਿੰਗ ਦੇ ਟੀਚੇ ਅਨੁਸਾਰ ਲਿਫਟਿੰਗ ਕੀਤੀ ਜਾਵੇ । ਇਸ ਸਬੰਧ ਵਿੱਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਮੌਸਮ ਦੀ ਖਰਾਬੀ ਨੂੰ ਦੇਖਦਿਆਂ ਤਰਪਾਲਾਂ ਆਦਿ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਜਲਦੀ ਤੋਂ ਜਲਦੀ ਸਾਫ ਕਰਕੇ ਤੁਲਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਜ਼ਿਆਦਾ ਮੰਡੀ ਵਿੱਚ ਨਾ ਬੈਠਣਾ ਪਵੇ। ਉਨ੍ਹਾਂ ਕਿਹਾ ਕਿ ਲਿਫਟਿੰਗ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੇ ਅੰਬਾਰ ਨਾ ਲੱਗਣ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਲਗਾਤਾਰ ਜਾਰੀ ਹੈ ਤੇ ਬੀਤੀ ਸ਼ਾਮ ਤੱਕ ਕੁੱਲ 570000 ਮੀਟਿਰਕ ਟਨ ਕਣਕ ਦੀ ਆਮਦ ਹੋਈ ਹੈ ਤੇ ਏਜੰਸੀਆਂ ਵੱਲੋਂ 518640 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗ੍ਰੇਨ ਨੇ ਹੁਣ ਤੱਕ 138166 ਮੀਟਿਰਕ ਟਨ, ਮਾਰਕਫੈਡ ਨੇ 144459 ਮੀਟਿਰਕ ਟਨ, ਪਨਸਪ ਨੇ 132177 ਮੀਟਿਰਕ ਟਨ, ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਨੇ 84959 ਮੀਟਿਰਕ ਟਨ, ਐੱਫ.ਸੀ.ਆਈ ਨੇ 1947 ਮੀਟਰਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 16,932 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਹੈ।
ਉਨ੍ਹਾਂ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਸੁੱਕੀ ਕਣਕ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਉਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਪਰਾਲ਼ੀ ਨੂੰ ਅੱਗ ਨਾ ਲਗਾ ਕੇ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਹਿਮਾਂਸ਼ੂ ਕੁਕੜ ਸਮੇਤ ਅਤੇ ਜ਼ਿਲ੍ਹਾ ਮੰਡੀ ਅਫਸਰ ਜਸਮੀਤ ਸਿੰਘ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ।