ਫਿਰੋਜ਼ਪੁਰ 25 ਅਪ੍ਰੈਲ 2024 ( ) ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸਬੰਧੀ ਕੋਈ ਦਿੱਕਤ ਨਾ ਆਵੇ ਅਤੇ ਲਿਫਟਿੰਗ ਵਿੱਚ ਤੇਜੀ ਲਿਆਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਆੜਤੀਆ ਐਸੋਸੀਏਸ਼ਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਲਿਫਟਿੰਗ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਸਰਕਾਰ ਵੱਲੋਂ ਟਰਾਲੀਆਂ ਰਾਹੀਂ ਲਿਫਟਿੰਗ ਕਰਨ ਨੂੰ ਵੀ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਠੇਕੇਦਾਰ ਟਰਾਲੀਆਂ ਰਾਹੀਂ ਕਣਕ ਦੀ ਲਿਫਟਿੰਗ ਕਰ ਸਕਣਗੇ। ਉਨ੍ਹਾਂ ਆੜਤੀਆ ਨੂੰ ਮੰਡੀਆਂ ਵਿੱਚ ਕਣਕ ਦੀ ਢੋਆ-ਢੁਆਈ ਲਈ ਵੀ ਲੇਬਰ ਵਿੱਚ ਵੀ ਵਾਧਾ ਕਰਨ ਲਈ ਵੀ ਕਿਹਾ ਤਾਂ ਜੋ ਲਿਫਟਿੰਗ ਦੇ ਕੰਮ ਵਿੱਚ ਹੋਰ ਤੇਜੀ ਲਿਆਂਦੀ ਜਾ ਸਕੇ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆੜਤੀਆ ਐਸੋਸਿਏਸ਼ਨ ਨੂੰ ਲਿਫਟਿੰਗ, ਬਾਰਦਾਨੇ, ਅਦਾਇਗੀ ਆਦਿ ਸਮੇਤ ਕਣਕ ਦੀ ਖਰੀਦ ਪ੍ਰਕਿਰਆ ਵਿਚ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਮੰਡੀਆ ਵਿੱਚ ਕਿਸਾਨਾਂ, ਆੜਤੀਆਂ, ਲੇਬਰ ਆਦਿ ਕਿਸੇ ਨੂੰ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਰੀਦ ਪ੍ਰਬੰਧਾਂ ਤੇ ਲਗਾਤਾਰ ਨਜ਼ਰ ਰੱਖਣ ਲਈ ਮੰਡੀਆਂ ਵਿੱਚ ਨੋਡਲ ਅਫਸਰ ਵੀ ਲਗਾਏ ਗਏ ਹਨ ਤਾਂ ਜੋ ਕਣਕ ਦੀ ਖਰੀਦ ਸਹੀ ਢੰਗ ਨਾਲ ਨਿਰਵਿਘਣ ਜਾਰੀ ਰਹੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਫਸਲ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫਸਲ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ।ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਾਜ ਰਿਸ਼ੀ ਮਹਿਰਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੀਆਂ ਸਾਰੀਆਂ ਮੰਡੀਆਂ ‘ਚ ਬੀਤੀ ਸ਼ਾਮ ਤੱਕ 378895 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 360259 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਖ਼ਰੀਦੀ ਗਈ ਫ਼ਸਲ ਦੀ ਅਦਾਇਗੀ 24 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੀਦ ਕੀਤੀ ਗਏ ਕੁਲ ਕਣਕ ਵਿਚੋਂ ਪਨਗ੍ਰੇਨ ਵੱਲੋਂ 107838 ਮੀਟਰਕ ਟਨ, ਮਾਰਕਫੈੱਡ ਵਲੋਂ 111294 ਮੀਟਰਕ ਟਨ, ਪਨਸਪ ਵੱਲੋਂ 85628 ਮੀਟਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 52499 ਮੀਟਰਕ ਟਨ, ਪ੍ਰਈਵੇਟ ਵਪਾਰੀਆਂ ਵੱਲੋਂ 3000 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਅਤੇ ਖਰੀਦੀ ਗਈ ਕਣਕ ਦੀ ਕਿਸਾਨਾਂ ਨੂੰ 627.69 ਕਰੋੜ ਰੁਪਏ ਦੀ ਅਦਾਇਗੀ ਸਿੱਧੇ ਤੌਰ ਤੇ ਉਨ੍ਹਾਂ ਦੇ ਖਾਤਿਆਂ ਵਿੱਚ ਕੀਤੀ ਜਾ ਚੁੱਕੀ ਹੈ। ਇਸ ਮੌਕੇ ਆੜਤੀਆ ਐਸੋਸਿਏਸ਼ਨ ਦੇ ਪ੍ਰਧਾਨ ਤਿਲਕ ਰਾਜ ਵੀ ਹਾਜ਼ਰ ਸਨ।