ਮਾਨਸਾ, 22 ਅਪ੍ਰੈਲ:
ਜ਼ਿਲ੍ਹਾ ਸਿਹਤ ਅਫ਼ਸਰ-ਕਮ-ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਜ਼ਿਲ੍ਹੇ ਦੇ ਫੂਡ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕੋਈ ਵੀ ਮਿਆਦ ਪੁਗੀ ਵਾਲੀ ਖਾਣ ਪੀਣ ਦੀ ਵਸਤੂ ਨਾ ਵੇਚਣ, ਬਲਕਿ ਅਜਿਹੀ ਵਸਤੂ ਨੂੰ ਤੁਰੰਤ ਨਸ਼ਟ ਕਰ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਦੀ ਸਿਹਤ ਦਾ ਕੋਈ ਨੁਕਸਾਨ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਇੱਕ ਵੈਨ ਵੀ ਚਲਾਈ ਗਈ ਹੈ, ਜੋ ਲਗਾਤਾਰ ਵੱਖ ਵੱਖ ਕਸਬਿਆਂ ਅਤੇ ਪਿੰਡਾਂ ਵਿੱਚ ਜਾ ਕੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਸ਼ੁੱਧਤਾ ਨੂੰ ਚੈੱਕ ਕਰਦੀ ਹੈ, ਇਹ ਵੈਨ 50 ਰੁਪਏ ਫੀਸ ਲੈ ਕੇ ਲੋਕਾਂ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਲੈ ਕੇ ਸ਼ੁੱਧਤਾ ਅਤੇ ਅਸ਼ੁੱਧਤਾ ਨੂੰ ਚੈੱਕ ਕਰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਆਪ ਜਾਂ ਆਪਣੇ ਬੱਚਿਆਂ ਲਈ ਕੋਈ ਵੀ ਖਾਣ ਪੀਣ ਵਾਲੀ ਵਸਤੂ ਖਰੀਦਣ ਸਮੇਂ ਪੈਕਿੰਗ ਵਾਲੀ ਵਸਤੂ ਹੀ ਖਰੀਦਣ ਅਤੇ ਉਸ ਉੱਪਰ ਫੂਡ ਸੇਫਟੀ ਐਕਟ ਦੀ ਰਜਿਸਟ੍ਰੇਸ਼ਨ ਅਤੇ ਮਿਆਦ ਦੀ ਮਿਤੀ ਦੇਖਣੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਬਸ ਜਾ ਗੱਡੀ ਵਿੱਚ ਸਫ਼ਰ ਕਰਦੇ ਸਮੇਂ ਜਾਂ ਬਾਜ਼ਾਰ ਵਿੱਚੋਂ ਖੁੱਲੀ ਖਾਣ ਪੀਣ ਵਾਲੀ ਚੀਜ਼, ਕੱਟਿਆ ਹੋਇਆ ਫਲ ਜਾਂ ਖੁੱਲ੍ਹਾ ਜੂਸ ਵਗੈਰਾ ਨਹੀਂ ਖਰੀਦਣਾ ਚਾਹੀਦਾ। ਇਸ ਤਰ੍ਹਾਂ ਦੀ ਖਾਣ ਪੀਣ ਵਾਲੀ ਵਸਤੂ ਖਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਵਿੱਚ ਕਿਸੇ ਵੀ ਵਿਅਕਤੀ ਜਾਂ ਬੱਚੇ ਨੂੰ ਕਿਸੇ ਵੀ ਵੇਲੇ ਪੇਟ ਵਿੱਚ ਦਰਦ, ਉਲਟੀਆਂ, ਦਸਤ ਜਾਂ ਕੋਈ ਹੋਰ ਨਿਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਫਸਟ ਏਡ ਦਿੱਤੀ ਜਾਵੇ ਜਾਂ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਤਰੁੰਤ ਇਲਾਜ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਖੁਰਾਕ ਸੁਰੱਖਿਆ ਤੇ ਮਿਆਰ ਐਕਟ 2006 ਦੇ ਤਹਿਤ ਹਰ ਫੂਡ ਵਿਕਰੇਤਾ, ਕਰਿਆਨਾ ਵਾਲੇ, ਦੋਧੀ, ਹਲਵਾਈ, ਡੇਅਰੀ ਮਾਲਕ, ਰੇੜ੍ਹੀ ਵਾਲੇ ਨੂੰ ਰਜਿਸਟਰੇਸ਼ਨ/ਲਾਇਸੰਸ ਲੈਣਾ ਅਤਿ ਜ਼ਰੂਰੀ ਹੈ। ਉਨ੍ਹਾਂ ਫੂੂਡ ਵਿਕੇਰਤਾਵਾਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਫੂਡ ਵਿਕਰੇਤਾ, ਹਲਵਾਈ, ਡੇਅਰੀ ਮਾਲਕ, ਦੋਧੀ, ਰੇਹੜ੍ਹੀ ਵਾਲਾ ਸਿਹਤ ਵਿਭਾਗ ਵੱਲੋਂ ਦਰਸਾਏ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਪ੍ਰਤੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜੋ ਵੀ ਫੂਡ ਵਿਕਰੇਤਾ ਜਾਂ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਦਾ ਹੈ/ ਵੇਚਦਾ ਉਨ੍ਹਾਂ ਨੂੰ ਸਰੀਰਕ ਤੋਰ ’ਤੇ ਫਿਟ ਸਰਟੀਫਿਕੇਟ ਸਿਹਤ ਵਿਭਾਗ ਤੋਂ ਪ੍ਰਾਪਤ ਕਰਨਾ ਜਰੂਰੀ ਹੈ।