ਫ਼ਰੀਦਕੋਟ 19 ਅਪ੍ਰੈਲ 2024 ( ) ਪਰਾਲੀ ਪ੍ਰਬੰਧਨ ਲਈ ਵਰਤੀਆਂ ਜਾਂਦੀਆਂ ਵੱਖ-ਵੱਖ ਖੇਤੀ ਤਕਨੀਕਾਂ(ਮਸ਼ੀਨਰੀ) ਜਿਵੇਂ ਸਮਾਰਟ ਸੀਡਰ,ਹੈਪੀ ਸੀਡਰ,ਸੁਪਰ ਸੀਡਰ ਅਤੇ ਸਰਫੇਸ ਸੀਡਰ ਦੀ ਵਰਤੋਂ ਕਰਦਿਆਂ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਗਾਏ ਕੀਤੀ ਗਈ ਕਣਕ ਦੀ ਬਿਜਾਈ ਤੇ ਖੇਤ ਦਿਵਸ ਮਨਾਇਆ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ।
ਮੌਕੇ ਤੇ ਹੀ ਵਰਤੀਆ ਗਈਆ ਚਾਰ ਤਕਨੀਕਾਂ ਵਾਲੇ ਖੇਤਾਂ ਵਿੱਚੋਂ ਕਣਕ ਦੀ ਫਸਲ ਦੇ ਫਸਲ ਕਟਾਈ ਤਜ਼ਰਬੇ ਕੀਤੇ ਗਏ ਤਾਂ ਜੋ ਹਰੇਕ ਤਕਨੀਕ ਦੀ ਕਾਰਗੁਜ਼ਾਰੀ ਦਾ ਪਤਾ ਲੱਗ ਸਕੇ।ਇਹ ਖੇਤ ਦਿਵਸ ਖੇਤੀਬਾੜੀ ਅਤੇ ਕਿਸਨ ਭਲਾਈ ਵਿਭਾਗ ਅਤੇ ਆਰ ਜੀ ਆਰ ਸੈਲ ਵੱਲੋਂ ਪਰਾਨਾ ਪ੍ਰੋਜੈਕਟ ਤਹਿਤ ਸਾਂਝੇ ਤੌਰ ਤੇ ਮਨਾਇਆ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਖੁੱਲੇ ਵਿੱਚ ਅੱਗ ਲਗਾ ਕੇ ਸਾੜਣ ਨਾਲ ਬਹੁਤ ਸਾਰਾ ਜ਼ਹਿਰੀਲਾ ਧੂੰਆਂ ਪੈਦਾ ਹੁੰਦਾ ਜੋ ਮਨੁੱਖੀ ਸਿਹਤ ਲਈ ਬਹੂਤ ਖਤਰਨਾਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਬਹੁਤ ਸਾਰੀਆ ਨਵੀਨਤਮ ਖੇਤੀ ਤਕਨੀਕਾਂ ਵਿਕਸਤ ਕੀਤੀਆਂ ਗਈਆਂ ਹਨ ਜਿੰਨਾਂ ਵਿੱਚ ਹੈਪੀ ਸੀਡਰ,ਸਮਾਰਟ ਸੀਡਰ ਅਤੇ ਸਰਫੇਸ ਸੀਡਰ ਮਸ਼ੀਨਾਂ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਦਾ ਖੇਤ ਦੇ ਵਿੱਚ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।ਉਨ੍ਹਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਬਗੈਰ ਕਣਕ ਦੀ ਬਿਜਾਈ ਸਰਫੇਸ ਸੀਡਰ, ਹੈਪੀ ਸੀਡਰ ਤੇ ਸੁਪਰ ਸੀਡਰ ਮਸ਼ੀਨਾਂ ਨਾਲ ਕਰਨ ਲਈ ਸੰਬੰਧਤ ਕਿਸਾਨ ਨੂੰ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਆਉਂਦੇ ਝੋਨੇ ਦੇ ਸੀਜਨ ਤੋਂ ਬਾਅਦ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਏਗਾ ਅਤੇ ਇਨਾਂ ਤਕਨੀਕਾਂ ਖਾਸ ਕਰਕੇ ਸਰਫੇਸ ਸੀਡਰ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਲੋਕ ਸਭਾ ਦੀਆ ਚੋਣਾ ਦੌਰਾਨ ਸੰਵਿਧਾਨ ਵਿੱਚ ਮਿਲੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਦਿਆਂ ਹਰੇਕ ਵੋਟਰ ਵੋਟ ਪਾਉਣ ਜ਼ਰੂਰ ਜਾਵੇ। ਉਨ੍ਹਾਂ ਜ਼ਿਲਾ ਫਰੀਦਕੋਟ ਦੇ ਸਮੂਹ ਕੰਬਾਈਨ ਮਾਲਿਕਾਂ ਨੂੰ ਵੀ ਹਦਾਇਤ ਕੀਤੀ ਕਿ ਝੋਨੇ ਦੀ ਕਟਾਈ ਤੋਂ ਪਹਿਲਾਂ ਪਹਿਲਾਂ ਕੰਬਾਈ ਹਾਰਵੈਸਟਰ ਨਾਲ ਸੁਪਰ ਐਸ ਐਮ ਐਸ ਜ਼ਰੂਰ ਲਵਾ ਲੈਣ ਤਾਂ ਜੋ ਕਣਕ ਦੀ ਬਿਜਾਈ ਸਮੇਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਅਗਾਂਹਵਧੂ ਕਿਸਾਨ ਤਰਸੇਮ ਸਿੰਘ ਨੇ ਇਸ ਮੌਕੇ ਆਪਣੇ ਤਜਰਬੇ ਸਾਝੇ ਕਰਦਿਆਂ ਕਿਹਾ ਕਿ 5 ਏਕੜ ਰਕਬੇ ਵਿੱਚ ਸਪੁਰ ਸੀਡਰ,ਹੈਪੀ ਸੀਡਰ ,ਸਮਾਰਟ ਸੀਡਰ ਅਤੇ ਸਰਫੇਸ ਸੀਡਰ ਦੀ ਵਰਤੋਂ ਕਰਦਿਆ ਕਣਕ ਦੀ ਬਿਜਾਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਸਨੇ 40 ਤੋਂ 45 ਕਿਲੋ ਪ੍ਰਤੀ ਏਕੜ ਬੀਜ ਪਾਇਆ, ਇਸ ਨਾਲ ਖਰਚੇ ਵੀ ਕਾਫੀ ਘਟੇ ਹਨ, ਨਦੀਨ ਘੱਟ ਹੋਇਆ ਤੇ ਇਸ ਵਿੱਚ ਪਈ ਪਰਾਲੀ ਝੋਨੇ ਦੀ ਫਸਲ ਵਿੱਚ ਖਾਦ ਦਾ ਕੰਮ ਕਰੇਗੀ ਜਿਸ ਨਾਲ ਜਮੀਨ ਦੀ ਸਿਹਤ ਵਿੱਚ ਸੁਧਾਰ ਹੋਵੇਗਾ । ਉਨ੍ਹਾਂ ਕਿਹਾ ਕਿ ਨਦੀਨਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਬਹੁਤ ਘੱਟ ਜਾਣ ਕਰਕੇ ਇਹ ਇੱਕ ਤਰ੍ਹਾਂ ਦੀ ਜੈਵਿਕ ਕਣਕ ਬਣ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸਰਫੇਸ ਸੀਡਰ ਤਕਨੀਕ ਵਿੱਚ ਖੇਤੀ ਲਾਗਤ ਖਰਚੇ ਸਭ ਤੋਂ ਘੱਟ ਆਉਂਦੇ ਹਨ।ਡਾ.ਅਮਰੀਕ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਅਤੇ ਨਾੜ ਨੂੰ ਅੱਗ ਲੱਗਣ ਦੀਆ ਘਟਨਾਵਾਂ ਤੋਂ ਬਚਣ ਲਈ ਜ਼ਰੂਰੀ ਪ੍ਰਬੰਧ ਕਰਨ ਲਈ,ਡਾ.ਕੁਲਵੰਤ ਸਿੰਘ ਨੇ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਆਧਾਰ ਤੇ ਕਰਨ ਬਾਰੇ,ਡਾ.ਹਰਮਨਜੀਤ ਸਿੰਘ ਨੇ ਆਰ ਜੀ ਆਰ ਸੈਲ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ,ਡਾ,ਗੁਰਪ੍ਰੀਤ ਸਿੰਘ ਨੇ ਹਰੀ ਖਾਦ ਦੀ ਮਹੱਤਤਾ ਬਾਰੇ,ਇੰਜ.ਹਰਚਰਨ ਸਿੰਘ ਨੇ ਖੇਤੀ ਮਸ਼ੀਨਰੀ ਦੀ ਵਰਤੋਂ ਬਾਰੇ,ਡਾ.ਨਵਪ੍ਰੀਤ ਸਿੰਘ ਨੇ ਝੋਨੇ ਦੀ ਕਾਸਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਡਾ.ਕੁਲਵੰਤ ਸਿੰਘ ਜ਼ਿਲਾ ਸਿਖਲਾਈ ਅਫਸਰ,ਡਾ.ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ.ਹਰਮਨਜੀਤ ਸਿੰਘ ਜ਼ਿਲਾ ਇੰਚਾਰਜ ਆਰ ਜੀ ਆਰ ਸੈੱਲ ( ਰੀਜੂਵੀਨੇਟਿੰਗ ਗ੍ਰੀਨ ਰੈਵੋਲਿਯੂਸ਼ਨ) ,ਇੰਜ.ਹਰਚਰਨ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ,ਸ਼ਮਸ਼ੇਰ ਸਿੰਘ,ਅਗਾਂਹਵਧੂ ਕਿਸਾਨ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।