ਫਾਜਿ਼ਲਕਾ, 18 ਅਪ੍ਰੈਲ
ਜਿ਼ਲ੍ਹੇ ਵਿਚ ਨਰਮੇ ਦੀ ਫਸਲ ਦੀ ਪੁਨਰ ਸੁਰਜੀਤੀ ਲਈ ਉਪਰਾਲਿਆਂ ਦੀ ਲੜੀ ਵਿਚ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਰਮੇ ਦੀ ਫਸਲ ਨੂੰ ਗੁਲਾਬੀ ਸੂੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਅਗਾਉਂ ਵਿਉਂਤਬੰਦੀ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਇਸ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੀਆਂ ਨਰਮੇ ਦੀਆਂ ਪਿੱਛਲੇ ਸਾਲ ਦੀਆਂ ਪਈਆਂ ਛਟੀਆਂ ਨੂੰ ਨਸ਼ਟ ਕਰ ਦੇਣ ਜਾਂ ਝਾੜ ਕੇ ਉਨ੍ਹਾਂ ਦੇ ਸੁੱਕੇ ਟੀਂਡੇ ਸਾੜ ਦੇਣ ਕਿਉਂਕਿ ਇੰਨ੍ਹਾਂ ਵਿਚ ਹੀ ਗੁਲਾਬੀ ਸੂੰਡੀ ਦਾ ਪਿਉਪਾ ਲੁਕਿਆ ਹੋਇਆ ਹੈ ਅਤੇ ਇਸੇ ਤੋਂ ਹੀ ਗੁਲਾਬੀ ਸੂੰਡੀ ਦੀਆਂ ਨਵੀਂਆਂ ਪੁਸਤਾਂ ਪੈਦਾ ਹੋ ਕੇ ਨਰਮੇ ਦੀ ਅਗਲੀ ਫਸਲ ਦੇ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਸੰਭਵ ਹੋਵੇ ਇਸ ਕੰਮ ਲਈ ਮਗਨਰੇਗਾ ਕਰਮੀਆਂ ਦੀ ਮਦਦ ਵੀ ਲਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਨਰਮੇ ਦੀਆਂ ਜਿੰਨਿੰਗ ਮਿੱਲਾਂ ਵਿਚ ਫੁਮੀਗੇਸ਼ਨ ਕਰਨ ਦੀ ਹਦਾਇਤ ਵੀ ਕੀਤੀ ਤਾਂ ਜੋ ਇੱਥੇ ਲੁਕੇ ਹੋਏ ਗੁਲਾਬੀ ਸੂੰਡੀ ਦੇ ਪਿਊਪੇ ਨੂੰ ਨਸ਼ਟ ਕੀਤਾ ਜਾ ਸਕੇ।
ਇਸ ਮੌਕੇ ਖੇਤੀਬਾੜੀ ਅਫ਼ਸਰ ਡਾ: ਮਮਤਾ, ਖੇਤੀਬਾੜੀ ਬਲਾਕ ਅਫ਼ਸਰ ਹਰਪ੍ਰੀਤ ਕੌਰ, ਬਲਦੇਵ ਸਿੰਘ ਅਤੇ ਸ਼ਾਮ ਸੁੰਦਰ ਵੀ ਹਾਜਰ ਸਨ।