ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ
ਲੋਕਤੰਤਰ ਦੇ ਤਿਓਹਾਰ ਵਜੋਂ ਜਾਣੀਆਂ ਜਾਂਦੀਆਂ ਲੋਕ ਸਭਾ ਚੋਣਾਂ ਲਈ ਇਸ ਵਾਰ ਪੰਜਾਬ ਵਿਚ ਮਤਦਾਨ 1 ਜੂਨ 2024 ਨੂੰ ਹੋਣਾ ਹੈ ਅਤੇ ਉਸ ਸਮੇਂ ਗਰਮੀ ਵੀ ਆਪਣੇ ਸਿ਼ਖਰ ਤੇ ਹੋਵੇਗੀ। ਇਸ ਦੇ ਮੱਦੇਨਜਰ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈਏਐਸ ਨੇ ਜਿ਼ਲ੍ਹੇ ਦੇ ਲੋਕਾਂ ਖਾਸ ਕਰਕੇ ਗੈਰ ਸਿਆਸੀ ਸੰਗਠਨਾਂ, ਐਨਜੀਓ, ਯੂਥ ਕਲੱਬਾਂ, ਗੁਰਦੁਆਰਾ/ਮੰਦਰ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਤਦਾਨ ਦੇ ਦਿਨ 1 ਜੂਨ 2024 ਨੂੰ ਆਪਣੇ ਆਪਣੇ ਪਿੰਡ ਜਾਂ ਵਾਰਡ ਦੇ ਪੋਲਿੰਗ ਬੂਥ ਤੇ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਉਣ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਜਰੂਰੀ ਹੈ ਕਿ ਲੋਕ ਵੱਧ ਤੋਂ ਵੱਧ ਮਤਦਾਨ ਕਰਨ। ਇਸ ਲਈ ਜਿੱਥੇ ਚੌਣ ਕਮਿਸ਼ਨ ਵੱਲੋਂ ਪੋਲਿੰਗ ਬੂਥਾਂ ਤੇ ਸਾਰੀਆਂ ਸਹੁਲਤਾਂ ਦੇ ਇੰਤਜਾਮ ਕੀਤੇ ਜਾ ਰਹੇ ਹਨ ਉਥੇ ਹੀ ਜੇਕਰ ਇਸ ਦੇਸ਼ ਦੇ ਨਾਗਰਿਕ ਵੀ ਲੋਕਤੰਤਰ ਦੇ ਇਸ ਤਿਓਹਾਰ ਨੂੰ ਯਾਦਗਾਰੀ ਬਣਾਉਣ ਲਈ ਅੱਗੇ ਆਉਣ ਤਾਂ ਬਹੁਤ ਚੰਗਾ ਹੋਵੇਗਾ।ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਚੋਣਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਠੰਡੇ ਤੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਜਾਣ ਤਾਂ ਇਸ ਨਾਲ ਅਸੀਂ ਵੋਟਰਾਂ ਦੀ ਸਹੁਲਤ ਵਿਚ ਵਾਧਾ ਕਰ ਸਕਾਂਗੇ ਅਤੇ ਲੋਕ ਵਧੇਰੇ ਸੌਖ ਨਾਲ ਮਤਦਾਨ ਕਰ ਸਕਣਗੇ। ਭਰ ਨਾਲ ਹੀ ਉਨ੍ਹਾਂ ਨੇ ਸੱਪਸ਼ਟ ਕੀਤਾ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਨੂੰ ਪੋਲਿੰਗ ਬੂਥ ਤੇ ਛਬੀਲ ਲਗਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਲਈ ਸਿਰਫ ਗੈਰ ਸਿਆਸੀ ਸੰਗਠਨਾਂ, ਐਨਜੀਓ, ਯੂਥ ਕਲੱਬਾਂ, ਗੁਰਦੁਆਰਾ/ਮੰਦਰ ਕਮੇਟੀਆਂ ਹੀ ਇਸ ਸਮਾਜਿਕ ਕਾਰਜ ਲਈ ਅੱਗੇ ਆਉਣ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਕੋਈ ਵੀ ਗੈਰ ਸਿਆਸੀ ਸੰਗਠਨਾਂ, ਐਨਜੀਓ, ਯੂਥ ਕਲੱਬਾਂ, ਗੁਰਦੁਆਰਾ/ਮੰਦਰ ਕਮੇਟੀਆਂ ਆਪਣੇ ਨੇੜੇ ਦੇ ਪੋਲਿੰਗ ਬੂਥ ਤੇ ਇਸ ਤਰਾਂ ਦੀ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਉਣਾ ਚਾਹੁੰਦਾ ਹੈ, ਉਹ ਆਪਣੇ ਬੂਥ ਦੇ ਬੀਐਲਓ ਨਾਲ ਰਾਬਤਾ ਕਰ ਸਕਦਾ ਹੈ ਜਾਂ ਜਿ਼ਲ੍ਹਾ ਪੱਧਰੀ ਚੋਣ ਕਮਿਸ਼ਨ ਦੇ ਹੈਲਪਲਾਈਨ ਨੰਬਰ 1950 ਤੇ ਕਾਲ ਕਰਕੇ ਆਪਣੇ ਵੇਰਵੇ ਦਰਜ ਕਰਵਾ ਸਕਦਾ ਹੈ।..