ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਪ੍ਰੈਲ, 2024: ਆਉਂਦੀ ਇੱਕ ਜੂਨ ਨੂੰ ਹੋਣ ਜਾ ਰਹੇ ਲੋਕ ਸਭਾ ਮਤਦਾਨ ਵਾਸਤੇ ਵੋਟਰਾਂ ਨੂੰ ਪ੍ਰੇਰਨ ਲਈ ਚੱਲ ਰਹੀ ਸਿਸਟਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਭਾਗੀਦਾਰੀ (ਸਵੀਪ) ਦੀ ਨਿਰੰਤਰਤਾ ਵਿੱਚ, ਜ਼ਿਲ੍ਹਾ ਸਵੀਪ ਟੀਮ ਨੇ ਅੱਜ ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਗੁਰਦੁਆਰਾ ਅੰਬ ਸਾਹਿਬ ਦਾ ਦੌਰਾ ਕੀਤਾ ਅਤੇ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਮੱਥਾ ਟੇਕਣ ਲਈ ਆਉਣ ਵਾਲੇ ਲੋਕਾਂ ਨੂੰ ਲੋਕਤੰਤਰ ਦੇ ਤਿਉਹਾਰ ਬਾਰੇ ਜਾਗਰੂਕ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ: ਗੁਰਬਖ਼ਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਪੰਜਾਬ ਮੁੱਖ ਚੋਣ ਅਫ਼ਸਰ ਸਿਬਿਨ ਸੀ ਅਤੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹੇ ਵਿੱਚ ਸਵੀਪ ਦੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਨਵੇਂ ਕ੍ਰਿਕੇਟ ਸਟੇਡੀਅਮ ਮੁੱਲਾਂਪੁਰ ਵਿਖੇ ਖੇਡੇ ਗਏ ਪਹਿਲੇ ਆਈ.ਪੀ.ਐਲ ਮੈਚ ਤੋਂ ਸ਼ੁਰੂ ਹੋ ਕੇ, ਜਿੱਥੇ 450 ਦੇ ਕਰੀਬ ਪਹਿਲੀ ਵਾਰ ਬਣੇ ਵੋਟਰਾਂ ਨੂੰ ਮੈਚ ਦੇਖਣ ਦਾ ਮੌਕਾ ਦਿੱਤਾ ਗਿਆ, ਉੱਥੇ ਹੀ ਜਿਲ੍ਹਾ ਸਵੀਪ ਟੀਮ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਕਈ ਗਤੀਵਿਧੀਆਂ ਦੀ ਯੋਜਨਾਬੰਦੀ ਤੇ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਵੀਪ ਟੀਮ ਵੱਲੋਂ ਵੱਖ-ਵੱਖ ਥੀਮ ਪਾਰਕਾਂ, ਰਿਜ਼ੋਰਟਾਂ ਆਦਿ ਵਿਖੇ ਮਨਾਏ ਗਏ ਹੋਲੀ ਸਮਾਗਮਾਂ ਦਾ ਦੌਰਾ ਕਰਕੇ ਵੀ ਵਿਤਰ ਜਾਗਰੂਕਤਾ ਦਾ ਹੋਕਾ ਦਿੱਤਾ ਗਿਆ ਸੀ ਅਤੇ ਲੋਕਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੇ ਸੰਦੇਸ਼ ਵਾਲੀਆਂ ਟੀ-ਸ਼ਰਟਾਂ ਤੋਂ ਇਲਾਵਾ ਮੱਗ, ਕੈਪਸ ਅਤੇ ਚਾਬੀਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਐਸ.ਏ.ਐਸ.ਨਗਰ ਵੱਲੋਂ ਗੱਤਕਾ ਮੁਕਾਬਲਾ ਕਰਵਾਇਆ ਗਿਆ ਜਿਸ ਨੇ ਸਵੀਪ ਟੀਮ ਨੂੰ ਇੱਕ ਵਧੀਆ ਮੰਚ ਪ੍ਰਦਾਨ ਕੀਤਾ, ਜਿੱਥੇ ਭੰਗੜਾ ਵੀ ਪੇਸ਼ ਕੀਤਾ ਗਿਆ ਅਤੇ ਵੋਟਿੰਗ ਦੇ ਸੰਦੇਸ਼ਾਂ ਨੂੰ ਫੈਲਾਉਣ ਵਾਲੇ ਹੋਰਡਿੰਗ ਤੇ ਕੱਟ ਆਊਟ ਵੀ ਪ੍ਰਦਰਸ਼ਿਤ ਕੀਤੇ ਗਏ। ਗੁਰਦੁਆਰਾ ਸਾਹਿਬ ਵਿਖੇ ਗਤਕਾ ਮੁਕਾਬਲੇ ਦੌਰਾਨ ਪਹੁੰਚੇ ਲੋਕਾਂ ਨੇ ਚੋਣ ਮਾਸਕੌਟ ਸ਼ੇਰਾ 2.0 ਦੇ ਨਾਲ ਲਗਾਏ ਗਏ ਸੈਲਫੀ ਪੁਆਇੰਟਾਂ ਵੱਲ ਵਿਸ਼ੇਸ਼ ਖਿੱਚ ਦਿਖਾਈ ਅਤੇ ਤਸਵੀਰਾਂ ਖਿਚਵਾਈਆਂ। ਇਸ ਤੋਂ ਇਲਾਵਾ ਗੱਤਕਾ ਟੀਮਾਂ ਦੁਆਰਾ ਵੋਟਰ ਜਾਗਰੂਕਤਾ ਤਖ਼ਤੀਆਂ ਰਾਹੀਂ ਚੇਤਨਾ ਮਾਰਚ ਵੀ ਕੀਤਾ ਗਿਆ। ਗਤੀਵਿਧੀ ਦੌਰਾਨ ਚੋਣ ਤਹਿਸੀਲਦਾਰ ਸੰਜੇ ਕੁਮਾਰ, ਜ਼ਿਲ੍ਹਾ ਗੁੱਡ ਗਵਰਨੈਂਸ ਫੈਲੋ ਵਿਜੇ ਲਕਸ਼ਮੀ, ਆਸ਼ੀਸ਼ ਬਾਜਪਾਈ ਅਤੇ ਚੋਣ ਕਾਨੂੰਗੋ ਸੁਰਿੰਦਰ ਬੱਤਰਾ ਵੀ ਹਾਜ਼ਰ ਸਨ।