ਆਬਕਾਰੀ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਨੇ ਦੋ ਔਰਤਾਂ ਕੋਲੋਂ 35000 ਲੀਟਰ ਲਾਹਣ, 59 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਕੀਤੀਆਂ ਬਰਾਮਦ

Ludhiana

ਲੁਧਿਆਣਾ, 13 ਅਪ੍ਰੈਲ (000) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਾਜਾਇਜ਼ ਸ਼ਰਾਬ ਵਿਰੁੱਧ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ ਪੰਜਾਬ ਐਕਸਾਈਜ਼ ਨੇ ਲੁਧਿਆਣਾ (ਦਿਹਾਤੀ) ਦੀ ਪੁਲਿਸ ਨਾਲ ਮਿਲ ਕੇ 35000 ਲੀਟਰ ਲਾਹਣ ਅਤੇ 59 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।

ਸਹਾਇਕ ਕਮਿਸ਼ਨਰ (ਆਬਕਾਰੀ) ਇੰਦਰਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰ ਹਰਸ਼ਪਿੰਦਰ ਸਿੰਘ ਅਤੇ ਬਲਕਰਨ ਸਿੰਘ ਦੀ ਅਗਵਾਈ ਵਿੱਚ ਸਥਾਨਕ ਸਿੱਧਵਾਂ ਬੇਟ ਪੁਲੀਸ ਨਾਲ ਮਿਲ ਕੇ ਟੀਮਾਂ ਨੇ ਸ਼ੇਰੇਵਾਲਾ ਅਤੇ ਵਲੀਪੁਰ ਖੁਰਦ ਵਿੱਚ ਛਾਪੇਮਾਰੀ ਕਰਕੇ 35000 ਲੀਟਰ ਲਾਹਣ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਟੀਮ ਨੇ ਸ਼ੇਰੇਵਾਲਾ ਦੀ ਰਹਿਣ ਵਾਲੀ ਮਨਦੀਪ ਕੌਰ ਅਤੇ ਬਿਮਲ ਬਾਈ ਨਾਮਕ ਦੋ ਔਰਤਾਂ ਕੋਲੋਂ 59 ਬੋਤਲਾਂ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਹੈ। ਟੀਮ ਵੱਲੋਂ ਜ਼ਬਤ ਕੀਤੀ ਲਾਹਣ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ।

ਦੋਵਾਂ ਔਰਤਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਲੁਧਿਆਣਾ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਚੋਣਾਂ ਦੌਰਾਨ ਸ਼ਾਂਤਮਈ ਮਾਹੌਲ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।