ਮਾਨਸਾ, 12 ਅਪ੍ਰੈਲ:
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਮਾਨਸਾ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਤੇ ਕਰਨਵੀਰ ਸਿੰਘ ਏ.ਟੀ.ਉ.ਏ ਨੇ ਦੱਸਿਆ ਕਿ ਚੈਕਿੰਗ ਦੌਰਾਨ ਅਧੂਰੇ ਦਸਤਾਵੇਜ਼ ਵਾਲੀਆਂ 09 ਬੱਸਾਂ ਦੇ ਚਲਾਣ ਕੀਤੇ ਗਏ ਅਤੇ ਹਦਾਇਤ ਕੀਤੀ ਗਈ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਸੇਫ ਸਕੂਲ ਵਾਹਨ ਪਾਲਿਸੀ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਬਹੁਤ ਲਾਜ਼ਮੀ ਹੈ, ਇਸ ਲਈ ਵੈਨ ਵਿਚ ਮੁਢਲੀਆਂ ਸਹੂਲਤਾਂ ਜਿਵੇਂ ਕਿ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਕੈਮਰਾ ਆਦਿ ਹੋਣਾ ਚਾਹੀਦਾ ਹੈ। ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਉਸ ਉਪਰ ਪੱਟੀ ਵਿੱਚ ਸਕੂਲ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ, ਫਿੱਟਨੈਸ ਸਰਟੀਫਿਕੇਟ, ਲੇਡੀਜ਼ ਐਟਡੈਂਟ ਆਦਿ ਸਹੂਲਤਾਂ ਹੋਣੀਆਂ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪੇ ਵੀ ਸਕੂਲ ਵੈਨਾਂ ਅੰਦਰ ਇੰਨ੍ਹਾਂ ਸਹੂਲਤਾਂ ਦੀ ਨਜ਼ਰਸਾਨੀ ਕਰਨ ਅਤੇ ਕਿਸੇ ਪ੍ਰਕਾਰ ਦੀ ਕਮੀ ਹੋਣ ’ਤੇ ਸਬੰਧਤ ਸਕੂਲ ਦੇ ਧਿਆਨ ਵਿਚ ਲਿਆਉਣ।
ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਦਫਤਰ ਤੋ ਸ੍ਰੀ ਰਾਜਿੰਦਰ ਕੁਮਾਰ ਵਰਮਾ, ਜ਼ਿਲ੍ਹਾ ਸਿੱਖਿਆ ਦਫ਼ਤਰ ਤੋ ਸ੍ਰੀ ਹਰੀਸ਼ ਕੁਮਾਰ, ਪੁਲਿਸ ਵਿਭਾਗ ਤੋਂ ਯਾਦਵਿੰਦਰ ਸਿੰਘ ਟਰੈਫਿਕ ਇੰਚਾਰਜ ਅਤੇ ਸੁਰੇਸ਼ ਕੁਮਾਰ ਹਾਜ਼ਰ ਸਨ।