ਫੂਡ ਵਿਕਰੇਤਾਵਾਂ ਲਈ ਫੂਡ ਸੇਫਟੀ ਲਾਇਸੰਸ/ਰਜਿਸਟ੍ਰੇਸ਼ਨ ਜ਼ਰੂਰੀ-ਵਧੀਕ ਡਿਪਟੀ ਕਮਿਸ਼ਨਰ

Mansa

ਮਾਨਸਾ, 10 ਅਪ੍ਰੈਲ:
ਫੂਡ ਵਿਕਰੇਤਾਵਾਂ ਲਈ ਫੂਡ ਸੇਫਟੀ ਲਾਇਸੰਸ/ਰਜਿਸਟ੍ਰੇਸ਼ਨ ਜ਼ਰੂਰੀ ਹੈ ਤਾਂ ਜੋ ਉਪਭੋਗਤਾਵਾਂ ਵਿਚ ਖਾਣ ਪੀਣ ਦੀਆਂ ਵਸਤਾਂ ਪ੍ਰਤੀ ਭਰੋਸਾ ਪੈਦਾ ਕੀਤਾ ਜਾ ਸਕੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਨੇ ਫੂਡ ਸੇਫਟੀ ਐਕਟ ਸਬੰਧੀ ਜ਼ਿਲ੍ਹਾ ਪੱਧਰੀ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜੋ ਵੀ ਫੂਡ ਵਿਕਰੇਤਾ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਦੇ ਹਨ ਜਾ ਵੇਚਦੇ ਹਨ, ਜਿਵੇਂ ਕਿ ਬੇਕਰੀ ਪ੍ਰੋਡਕਟ, ਮਿਲਕ ਪ੍ਰੋਡਕਟ, ਅਚਾਰ, ਸਰੋਂ ਦਾ ਤੇਲ, ਮਿਰਚ, ਮਸਾਲੇ ਆਦਿ ਜਿੰਨ੍ਹਾਂ ਦੀ ਸਾਲਾਨਾ ਟਰਨਓਵਰ 12 ਲੱਖ ਤੋਂ ਘੱਟ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਅਤੇ ਜਿੰਨ੍ਹਾਂ ਦੀ ਟਰਨਓਵਰ 12 ਲੱਖ ਤੋਂ ਵੱਧ ਹੈ, ਉਨ੍ਹਾਂ ਨੂੰ ਲਾਇਸੰਸ ਲੈਣਾ ਜਰੂਰੀ ਹੈ, ਜੋ ਕਿ ਆਨਲਾਈਨ ਪੋਰਟਲ foscos.fssai.gov.in ’ਤੇ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਿਨ੍ਹਾਂ ਲਾਇਸੰਸ/ਰਜਿਸਟਰੇਸ਼ਨ ਤੋਂ ਕੰਮ ਕਰਨ ’ਤੇ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਭਰ ਦੇ ਸਮੂਹ ਫੂਡ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣਾ ਲਾਇਸੰਸ/ ਰਜਿਸਟਰੇਸ਼ਨ ਅਪਲਾਈ ਕਰਕੇ ਇੱਕ ਮਹੀਨੇ ਦੇ ਅੰਦਰ-ਅੰਦਰ ਪ੍ਰਾਪਤ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਲਈ ਸਰੀਰਕ ਤੋਰ ’ਤੇ ਫਿਟਨੈੱਸ ਸਰਟੀਫਿਕੇਟ ਸਿਹਤ ਵਿਭਾਗ ਤੋਂ ਪ੍ਰਾਪਤ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਜਿੱਥੇ ਕਿਤੇ ਵੀ ਸਰਕਾਰੀ ਮੈਸ, ਕੰਟੀਨ, ਹੋਸਟਲ ਅਤੇ ਮਿਡ ਡੇਅ ਮੀਲ ਬਣਦਾ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਤੇ ਲਾਇਸੰਸ ਬਣਾਉਣ ਲਈ ਸਾਫ ਸਫਾਈ ਯਕੀਨੀ ਬਣਾਉਣੀ ਲਾਜ਼ਮੀ ਹੈ।  
  ਸਿਵਲ ਸਰਜਨ-ਕਮ-ਡੀ.ਐਚ.ਓ.  ਡਾ. ਰਣਜੀਤ ਸਿੰਘ ਰਾਏ  ਨੇ ਫੂਡ ਵਿਕਰੇਤਾਵਾਂ ਨੂੰ ਖਾਣ ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਬਣਾਉਣ ਲਈ ਸ਼ੁੱਧ ਸਾਮਾਨ ਦੀ ਵਰਤੋਂ ਕੀਤੀ ਜਾਵੇ ਅਤੇ ਵਸਤੂਆਂ ਤਿਆਰ ਕਰਦੇ ਸਮੇਂ ਖੁਰਾਕੀ ਤੱਤ ਨਸ਼ਟ ਨਾ ਹੋਣ, ਇਸ ਗੱਲ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਜਾਵੇ।
           ਇਸ ਮੌਕੇ ਫੂਡ ਸੇਫਟੀ ਅਫ਼ਸਰ ਅਮਰਿੰਦਰ ਸਿੰਘ ਅਤੇ ਦਿਵਿਆ ਗੋਸੁਆਮੀ ਨੇ ਕਿਹਾ ਕਿ ਹਰ ਕਿਸਮ ਦਾ ਖਾਣਾ ਬਣਾਉਣ ਅਤੇ ਵਰਤਾਉਣ ਸਮੇਂ ਸਿਰ ਢਕਿਆ ਹੋਣਾ ਚਾਹੀਦਾ ਹੈ। ਹੱਥਾਂ, ਕੰਨ੍ਹਾਂ ਆਦਿ ਵਿਚ ਗਹਿਣੇ ਨਹੀਂ ਪਹਿਨਣੇ ਚਾਹੀਦੇ, ਨੌਹ ਕੱਟੇ ਅਤੇ ਹੱਥ ਸਾਫ ਸੁਥਰੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ ਸੁਥਰੀਆਂ ਅਤੇ ਸ਼ੁੱਧ ਖਾਣ ਪੀਣ ਵਾਲੀਆਂ ਵਸਤੂਆਂ ਉਪਲੱਬਧ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਖਾਣ ਪੀਣ ਵਾਲੀਆਂ ਵਸਤੂਆ ਵੇਚਣ ਵਾਲੀਆਂ ਦੁਕਾਨਾਂ ਦੀ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਿਜੇ ਕੁਮਾਰ, ਲਕਸ਼ਵੀਰ ਜੂਨੀਅਰ ਸਹਾਇਕ, ਗੁਰਪ੍ਰੀਤ,  ਸੁਪਰਡੰਟ, ਮੰਡੀ ਬੋਰਡ ਹਾਜ਼ਰ ਸਨ।