ਸਾਰੀਆਂ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਲੈਣ ਲਈ ਕੀਤਾ ਜਾਗਰੂਕ: ਡਾ. ਗਾਂਧੀ

Fazilka

ਅਬੋਹਰ, ਫਾਜ਼ਿਲਕਾ, 9 ਅਪ੍ਰੈਲ

ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਚੰਦਰ ਸ਼ੇਖਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਦੇਖ-ਰੇਖ ਹੇਠ ਅੱਜ ਵੱਖ-ਵੱਖ ਕੇਂਦਰਾਂ ਵਿਚ ਬਲਾਕ ਖੂਈਖੇੜਾ ਅਧੀਨ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ।
ਐਸ.ਐਮ.ਓ ਡਾ: ਗਾਂਧੀ ਨੇ ਦੱਸਿਆ ਕਿ ਮਹੀਨੇ ਦੇ ਹਰ ਨੌਵੇਂ ਦਿਨ ਸਿਹਤ ਕੇਂਦਰਾਂ ਵਿੱਚ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਜਾਂਦੀ ਹੈ। ਅੱਜ ਉਕਤ ਦਿਵਸ ਬਲਾਕ ਖੂਈਖੇੜਾ ਸਮੇਤ ਕਿੱਲਿਆਂਵਾਲੀ, ਖਿਓਵਾਲੀ, ਪੰਜਕੋਸੀ, ਮੌਜਗੜ੍ਹ, ਕੱਲਰਖੇੜਾ, ਪੰਨੀਵਾਲਾ ਮੁਹੱਲਾ ਦੇ ਸਮੂਹ ਸਿਹਤ ਕੇਂਦਰਾਂ ਵਿੱਚ ਮਨਾਇਆ ਗਿਆ, ਜਿੱਥੇ ਆਸ-ਪਾਸ ਦੇ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਨੂੰ ਜਾਂਚ ਲਈ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਮੁਹਿੰਮ ਦਾ ਮੁੱਖ ਮੰਤਵ ਗਰਭ ਅਵਸਥਾ ਦੌਰਾਨ ਵਧੇ ਹੋਏ ਬਲੱਡ ਪ੍ਰੈਸ਼ਰ, ਖੂਨ ਵਿੱਚ ਘੱਟ ਐਚ.ਬੀ., ਸ਼ੂਗਰ, ਥਾਇਰਾਈਡ ਅਤੇ ਹੋਰ ਕਿਸੇ ਵੀ ਬਿਮਾਰੀ ਵਰਗੀਆਂ ਉੱਚ ਜੋਖਮ ਵਾਲੀਆਂ ਬਿਮਾਰੀਆਂ ਦਾ ਸਮੇਂ ਸਿਰ ਪਤਾ ਲਗਾਉਣਾ ਹੈ। ਡਾ: ਗਾਂਧੀ ਨੇ ਦੱਸਿਆ ਕਿ ਬਲਾਕ ਅਧੀਨ ਆਉਂਦੇ ਸਮੂਹ ਏ.ਐਨ.ਐਮ ਵੱਲੋਂ ਉਕਤ ਪਿੰਡ ਦੀਆਂ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਗਰਭਵਤੀ ਔਰਤਾਂ ਦੀ ਜਲਦੀ ਰਜਿਸਟਰੇਸ਼ਨ ਕਰਵਾਈ ਜਾਂਦੀ ਹੈ | ਜੇਕਰ ਕਿਸੇ ਗਰਭਵਤੀ ਔਰਤ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਵਿਖੇ ਰੈਫਰ ਕੀਤਾ ਜਾਂਦਾ ਹੈ ਜਿੱਥੇ ਮੈਡੀਕਲ ਅਫ਼ਸਰ ਵੱਲੋਂ ਉਸ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ।