ਫਾਜ਼ਿਲਕਾ, 9 ਅਪ੍ਰੈਲ
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਦੀ ਦੇਖਰੇਖ ਵਿੱਚ ਹਰੇਕ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਸਿਵਲ ਹਸਪਤਾਲਾਂ ਅਤੇ ਸੀ.ਐਚ.ਸੀ. ਤੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਚੈਕਅੱਪ ਕਰਕੇ ਉਹਨਾਂ ਦਾ ਜਨੇਪਾ ਸੁਰੱਖਿਅਤ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਨੇ ਦੱਸਿਆ ਕਿ ਇਸ ਦਿਨ ਦਾ ਉਦੇਸ਼ ਹਰ ਇੱਕ ਗਰਭਵਤੀ ਔਰਤ ਖਾਸ ਕਰਕੇ ਹਾਈ ਰਿਸਕ ਔਰਤਾਂ ਦਾ ਮਾਹਿਰ ਡਾਕਟਰਾਂ ਵੱਲੋਂ ਚੈੱਕਅੱਪ, ਟੈਸਟ ਅਤੇ ਇਲਾਜ ਯਕੀਨੀ ਬਨਾਉਣਾ ਹੁੰਦਾ ਹੈ, ਤਾਂ ਜੋ ਜੱਚਾ ਬੱਚਾ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਗਰਭਵਤੀ ਨੂੰ ਜਣੇਪੇ ਲਈ ਪ੍ਰੇਰਿਤ ਅਤੇ ਅਗੇਤੇ ਪ੍ਰਬੰਧ ਕੀਤੇ ਜਾਣ।
ਉਹਨਾਂ ਦੱਸਿਆ ਕਿ ਜਿਲ੍ਹੇ ਦੀਆਂ ਸਾਰੇ ਸਰਕਾਰੀ ਹਸਪਤਾਲਾਂ, ਸੀ.ਐਚ.ਸੀ. ਅਤੇ ਹੋਰ ਸੰਸਥਾਵਾਂ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ। ਇਸ ਸਮੇਂ ਗਰਭਵਤੀ ਖਾਸ ਕਰਕੇ ਹਾਈ ਰਿਸਕ ਗਰਭਵਤੀਆਂ ਦੇ ਵਿਸ਼ੇਸ਼ ਚੈਕਅੱਪ ਕੀਤਾ ਗਿਆ, ਕੌਂਸਲਿੰਗ ਕੀਤੀ ਗਈ, ਟੈਟਨਸ ਦੇ ਟੀਕੇ ਲਗਾਏ ਗਏ, ਲੈਬ ਟੈਸਟ ਕੀਤੇ ਗਏ, ਖੂਨ ਦੀ ਕਮੀ ਵਾਲੀਆਂ ਗਰਭਵਤੀ ਔਰਤਾਂ ਨੂੰ ਆਇਰਨ ਦੀਆਂ ਗੋਲੀਆਂ ਦਿੱਤੀਆਂ ਗਈਆਂ ਅਤੇ ਆਇਰਨ ਦੇ ਟੀਕੇ ਲਗਾਏ ਗਏ।
ਇਸ ਸਮੇਂ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਲਾਗ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਇਸ ਲਈ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਮੁਹਿੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਪ੍ਰੇਰਿਤ ਕਰਨ ਲਈ ਸੁਪਰਵਾਈਜ਼ਰੀ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ, ਜੋ ਸਮੇਂ ਸਮੇਂ ਤੇ ਗਰਭਵਤੀ ਔਰਤਾਂ ਨੂੰ ਸਿਹਤ ਸੰਸਥਾਵਾਂ, ਘਰਾਂ ਵਿੱਚ ਜਾ ਕੇ ਸੁਰੱਖਿਅਤ ਜਣੇਪੇ ਲਈ ਪ੍ਰੇਰਿਤ ਕਰ ਰਹੀਆਂ ਹਨ। ਇਸ ਮੁਹਿੰਮ ਵਿੱਚ ਪ੍ਰਾਈਵੇਟ ਸਿਹਤ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਸਹਿਯੋਗ ਦੇ ਰਹੀਆਂ ਹਨ।