ਸਵੀਪ ਗਤੀਵਿਧੀਆਂ ਤਹਿਤ ਸਕੂਲ ਆਫ਼ ਐਮੀਨੈਂਸ ਕੈਲਾ ਦੇ ਵਿਦਿਆਰਥੀਆਂ ਵਿੱਚ ਪੋਸਟਰ ਤੇ ਰੰਗੋਲੀ ਮੁਕਾਬਲੇ ਕਰਵਾਏ

Moga

ਧਰਮਕੋਟ, 9 ਅਪ੍ਰੈਲ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਸਵੀਪ ਟੀਮ ਵੱਲੋਂ ਆਪਣੀਆਂ ਸਵੀਪ ਗਤੀਵਿਧੀਆਂ ਨੂੰ ਪੂਰੇ ਜੋਸ਼ ਨਾਲ ਚਲਾਇਆ ਜਾ ਰਿਹਾ ਹੈ ਤਾਂ ਕਿ ਇਸ ਵਾਰ 70 ਫੀਸਦੀ ਪਾਰ ਦੇ ਨਾਅਰੇ ਨੂੰ ਸਾਕਾਰ ਕੀਤਾ ਜਾ ਸਕੇ। ਸਵੀਪ ਟੀਮ ਨਵੇਂ ਨੌਜਵਾਨ ਵੋਟਰਾਂ, ਦਿਵਿਆਂਗਜਨਾਂ ਅਤੇ ਬਿਰਧ ਵੋਟਰਾਂ ਉੱਪਰ ਵਿਸ਼ੇਸ਼ ਧਿਆਨ ਕੇਂਦਰਿਤ ਕਰਕੇ ਆਪਣੀਆਂ ਗਤੀਵਿਧੀਆਂ ਆਯੋਜਿਤ ਕਰ ਰਹੀ ਹੈ ਤਾਂ ਕਿ ਇਨ੍ਹਾਂ ਵਿਅਕਤੀਆਂ ਨੂੰ ਵੀ ਵੋਟ ਪਾਉਣ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਸ੍ਰੀ ਜਸਪਾਲ ਸਿੰਘ ਬਰਾੜ ਨੇ ਕਰਦਿਆਂ ਦੱਸਿਆ ਕਿ ਇਨ੍ਹਾ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਧਰਮਕੋਟ ਦੇ ਸਕੂਲ ਆਫ਼ ਐਮੀਨੈਂਸ ਕੈਲਾ ਦੇ ਵਿਦਿਆਰਥੀਆਂ ਵਿੱਚ ਸਵੀਪ ਨਾਲ ਸਬੰਧਤ ਪੋਸਟਰ ਅਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਿਲਆਂ ਵਿੱਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਤੋਂ ਇਲਾਵਾ ਧਰਮਕੋਟ ਵਾਸੀਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਕਿਵੇਂ ਅਤੇ ਕਿਹੜੇ ਕਿਹੜੇ ਸਾਧਨਾਂ ਵੋਟਾਂ ਨਾਲ ਸਬੰਧਤ ਸਹੂਲਤਾਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਰੇਕ ਪੋਲਿੰਗ ਬੂਥਾਂ ਤੇ ਲੋੜਵੰਦ ਵਿਅਕਤੀਆਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਧਰਮਕੋਟ ਵਾਸੀਆਂ ਨੇ ਵੋਟਰ ਪ੍ਰਣ ਵੀ ਲਿਆ ਕਿ ਉਹ ਸਾਰੇ ਬਿਨ੍ਹਾਂ ਕਿਸੇ ਡਰ, ਭੈਅ, ਲਾਲਚ ਆਦਿ ਤੋਂ ਆਪਣੀ ਵੋਟ ਪਾਉਣਗੇ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਹਿੱਸਾ ਪਾਉਣਗੇ। ਇਸ ਦੌਰਾਨ ਵੋਟਾਂ ਸਬੰਧੀ ਵਰਤੇ ਜਾਣ ਵਾਲੇ ਐਪ ਜਿਵੇਂ ਕਿ ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ, ਸੀ ਵਿਜ਼ਲ ਐਪ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸ੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਸਵੀਪ ਗਤੀਵਿਧੀਆਂ ਨਿਰੰਤਰ ਜਾਰੀ ਰਹਿਣਗੀਆਂ ਤਾਂ ਕਿ ਹਰ ਇੱਕ ਯੋਗ ਵੋਟਰ ਤੱਕ ਲਾਜ਼ਮੀ ਤੌਰ ਤੇ ਵੋਟ ਪਾਉਣ ਦਾ ਸੁਨੇਹਾ ਪੁੱਜਦਾ ਕੀਤਾ ਜਾ ਸਕੇ।