ਬਠਿੰਡਾ, 5 ਅਪ੍ਰੈਲ : ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫਸਰ ਸ. ਜਸਪ੍ਰੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਰਾਜਿੰਦਰਾ ਕਾਲਜ ਵਿਖੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਦੀ ਯੋਗ ਅਗਵਾਈ ਹੇਠ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਅਤੇ ਕਾਲਜ ਚੋਣ ਨੋਡਲ ਅਫ਼ਸਰ ਪ੍ਰੋ. ਬਲਜਿੰਦਰ ਸਿੰਘ ਦੁਆਰਾ ‘ਮੇਰਾ ਪਹਿਲਾ ਵੋਟ ਆਪਣੇ ਦੇਸ਼ ਲਈ ’ ਵਿਸ਼ੇ ਤੇ ਆਧਾਰਿਤ ਵੋਟਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਵੋਟਰ ਜਾਗਰੂਕਤਾ ਸੈਮੀਨਾਰ ਦੌਰਾਨ ਸਹਾਇਕ ਜਿਲ੍ਹਾ ਨੋਡਲ ਅਫ਼ਸਰ (SVEEP) ਸ਼੍ਰੀ ਸ਼ੁਰੇਸ ਗੌਰ ਅਤੇ ਸਥਾਨਕ ਜਿਲ੍ਹਾ ਸਵੀਪ (SVEEP) ਟੀਮ ਵੱਲੋਂ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ, ਉਨ੍ਹਾਂ ਨੂੰ ਚੋਣ ਕਮਿਸ਼ਨ ਨਾਲ ਸਬੰਧਤ ਐਪਸ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਦੌਰਾਨ ਚੋਣ ਦਫ਼ਤਰ ਵੱਲੋਂ ਕਾਲਜ ਵਿਖੇ ਨਵੀਂਆਂ ਵੋਟਾਂ ਬਣਾਉਣ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਲਗਭਗ 33 ਵਿਦਿਆਰਥੀਆਂ ਨੇ ਨਵੀਆਂ ਵੋਟਾਂ ਬਣਵਾਈਆਂ। ਇਸ ਮੌਕੇ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਲੁੱਡੋ ਵੋਟਰ ਖੇਡ ਕਰਵਾਈ ਗਈ, ਜਿਸ ਵਿੱਚ ਸਿਮਰਨਜੀਤ ਕੌਰ ਬੀ.ਕਾਮ ਭਾਗ ਪਹਿਲਾ, ਜਸਪ੍ਰੀਤ ਕੌਰ ਬੀ.ਏ. ਭਾਗ ਦੂਜਾ ਅਤੇ ਕੋਮਲਪ੍ਰੀਤ ਕੌਰ ਬੀ.ਕਾਮ ਭਾਗ ਪਹਿਲਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪ੍ਰੋ. ਰਾਜਪਾਲ ਕੌਰ, ਪ੍ਰੋ. ਭਜਨ ਲਾਲ, ਪ੍ਰੋ. ਸਰਜੀਵਨ ਰਾਣੀ, ਪ੍ਰੋ. ਨਰਿੰਦਰ ਸਿੰਘ, ਬੀ.ਐੱਲ.ਓ. ਸ਼੍ਰੀ ਯਾਦਵਿੰਦਰ ਸਿੰਘ ਅਤੇ ਸ਼੍ਰੀ ਕਾਨਵ ਰਿਸ਼ੀ ਤੋਂ ਇਲਾਵਾ ਲਗਭਗ 200 ਵਲੰਟੀਅਰਜ਼ ਨੇ ਇਸ ਵੋਟਰ ਜਾਗਰੂਕਤਾ ਸੈਮੀਨਾਰ ਵਿੱਚ ਹਿੱਸਾ ਲਿਆ।