22 ਕਿਸਮ ਦੇ ਕੁੱਤਿਆਂ ਦੀ ਨਸਲ ਤੇ ਲਗਾਈ ਪਾਬੰਦੀ

Faridkot

ਫ਼ਰੀਦਕੋਟ 02 ਅਪ੍ਰੈਲ,2024

ਖੂੰਖਾਰ ਕਿਸਮ ਦੀ ਪ੍ਰਵਿਰਤੀ ਵਾਲੇ ਕੁੱਤਿਆਂ ਵਲੋਂ ਮਨੁੱਖਾਂ ਅਤੇ ਛੋਟੇ ਬੱਚਿਆਂ ਤੇ ਹਮਲੇ ਕਰਨ ਦੀਆਂ ਘਟਨਾਵਾਂ ਨੂੰ ਗੰਭੀਰ ਅਤੇ ਚਿੰਤਾਜਨਕ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ 22 ਕਿਸਮ ਦੇ ਅਜਿਹੇ ਕੁੱਤਿਆਂ ਦੀਆਂ ਨਸਲਾਂ ਨੂੰ ਰੱਖਣ/ਪ੍ਰਜਣਨ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ।

            ਇਸ ਸਬੰਧੀ ਪਸ਼ੂ ਪਾਲਣ ਵਿਭਾਗ ਚੰਡੀਗੜ੍ਹ ਤੋਂ ਪ੍ਰਾਪਤ ਲਿਖਤੀ ਦਿਸ਼ਾ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੁਆਇੰਟ ਸੈਕਟਰੀ ਮੱਛੀ ਪਾਲਣ, ਪਸ਼ੂ ਪਾਲਣ ਮੰਤਰਾਲੇ ਭਾਰਤ ਸਰਕਾਰ ਨੇ ਵੀ ਇਸ ਬਾਬਤ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।

 ਉਹਨਾਂ ਦੱਸਿਆ ਕਿ ਸਮੇਂ ਸਮੇਂ ਤੇ ਅਜਿਹੇ ਖੂੰਖਾਰ ਪਾਲਤੂ ਅਤੇ ਅਵਾਰਾ ਕੁੱਤਿਆਂ ਖਿਲਾਫ਼ ਐਨ.ਜੀ.ਓ ਤੇ ਲੋਕ ਭਲਾਈ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਇਸ ਸਬੰਧੀ ਮਾਮਲੇ ਉਠਾਏ ਗਏ ਹਨ। ਉਹਨਾਂ ਦੱਸਿਆ ਕਿ ਦਿੱਲੀ ਅਤੇ ਚੰਡੀਗੜ੍ਹ ਤੋਂ ਪ੍ਰਾਪਤ ਲਿਖਤੀ ਹਦਾਇਤਾਂ ਵਿੱਚ ਦਿੱਲੀ ਹਾਈਕੋਰਟ ਵੱਲੋਂ ਵੀ ਖੂੰਖਾਰ ਕੁੱਤਿਆਂ ਨੂੰ ਘਰਾਂ ਵਿੱਚ ਪਾਲਣ ਅਤੇ ਜਨਤਕ ਥਾਵਾਂ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਹੋਏ ਹਨ।

 ਅਦਾਲਤ ਵੱਲੋਂ ਜਾਰੀ ਇਹਨਾਂ ਹੁਕਮਾਂ ਵਿੱਚ ਅਜਿਹੀ ਖੂੰਖਾਰ ਨਸਲ ਦੇ ਕੁੱਤਿਆਂ ਦੀ ਖਰੀਦ ਅਤੇ ਵੇਚ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਇਹ ਵੀ ਕਿਹਾ ਕਿ ਜਿਨਾਂ ਵੱਲੋਂ ਪਹਿਲਾਂ ਹੀ ਅਜਿਹੀਆਂ ਨਸਲਾਂ ਦੇ ਕੁੱਤੇ ਪਾਲਤੂ ਜਾਨਵਰ ਵਜੋਂ ਰੱਖੇ ਗਏ ਹਨ, ਉਨਾਂ ਦੀ ਵੀ ਨਸਬੰਦੀ ਕੀਤੀ ਜਾਵੇ ਤਾਂ ਜੋ ਪ੍ਰਜਣਨ ਕਿਰਿਆ ਨਾ ਹੋ ਸਕੇ।

 ਇਹਨਾਂ ਪਾਬੰਦੀਸ਼ੁਧਾ ਨਸਲਾਂ ਵਿੱਚ (ਮੀਕਸ ਅਤੇ ਕਰੋਸ ਬਰੀਡ) ਪਿੱਟਬੁੱਲ ਟੈਰੀਅਰ, ਤੋਸਾ ਈਨੋ, ਅਮਰੀਕਨ ਸ਼ੈਫਰਡ ਸ਼ਾਇਰ ਟੈਰੀਅਰ, ਫਿਲਾਹ ਬਰਸੀਲੈਰੋ, ਡੋਗੋ ਅਰਜਨਟੀਨੋ, ਅਮਰੀਕਨ ਬੁੱਲਡੋਗ, ਬੋਰਬੁੱਲ, ਕੰਗਲ, ਸੈਟਰਲ ਏਸ਼ੀਅਨ ਸ਼ੈਫਰਡ ਡੋਗ, (ਓਵਚਰਕਾ) ਕਾਉਕੇਸੀਅਨ ਸ਼ੈਫਰਡ ਡੋਗ (ਓਵਚਰਕਾ), ਸਾਊਥ ਰਸ਼ੀਅਨ ਸੈਫਰਡ ਡੋਗ (ਓਵਚਰਕਾ) ਟਰੋਨਜਕ ਸਰਪਲਾਨੀਨੈਕ, ਜਾਪਾਨੀ ਟੋਸਾ ਅਤੇ ਅਕੀਤਾ, ਮਸਟਿਵਸ (ਬੋਰਬੁੱਲ) ਰੋਟਵੇਲਰ, ਟੈਰੀਅਰ, ਰੋਡੀਸ਼ੀਅਨ ਰਿਜਬੈਕ, ਵੁਲਫ ਡੋਗਸ, ਅਕਬਸ ਡੋਗਸ, ਮੁਸਕਾਉ ਗਾਰਡ ਡੋਗ, ਕੇਨ ਕੋਰਸੋ, ਕਿਨਾਰੀਓ ਅਤੇ ਹਰ ਤਰ੍ਹਾਂ ਦਾ ਉਹ ਕੁੱਤਾ ਜਿਸ ਨੂੰ ਆਮ ਭਾਸ਼ਾ ਵਿੱਚ ਬੈਨ ਡੋਗ ਕਿਹਾ ਜਾਂਦਾ ਹੈ ਸ਼ਾਮਿਲ ਹਨ।

 ਉਹਨਾਂ ਇਹ ਵੀ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਅਜਿਹੀ ਬਰੀਡ ਦੇ ਕੁੱਤਿਆਂ ਦੇ ਮਾਲਕਾਂ ਨੂੰ ਕੋਈ ਵੀ ਲਾਇਸੈਂਸ ਜਾਂ ਵੇਚਣ ਅਤੇ ਬਰੀਡਿੰਗ ਦੀ ਇਜਾਜ਼ਤ ਨਾ ਦਿੱਤੀ ਜਾਵੇ।