ਲੋਕ ਸਭਾ ਚੋਣਾਂ ਵਿੱਚ ਨਸ਼ੇ ਅਤੇ ਸ਼ਰਾਬ ਦੀ ਦੁਰਵਰਤੋਂ ਰੋਕਣ ਲਈ ਚੋਣ ਕਮਿਸ਼ਨ ਪੱਬਾਂ ਭਾਰ

Fazilka

ਫਾਜ਼ਿਲਕਾ, 1 ਅਪ੍ਰੈਲ

ਫਾਜ਼ਿਲਕਾ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਨੇ ਆਖਿਆ ਹੈ ਕਿ ਲੋਕ ਸਭਾ ਚੋਣਾਂ ਵਿੱਚ ਨਸ਼ੇ ਅਤੇ ਸ਼ਰਾਬ ਦੀ ਦੁਰਵਰਤੋਂ ਰੋਕਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਆਖਿਆ ਕਿ ਕਿਸੇ ਨੂੰ ਵੀ ਮਤਦਾਨ ਜਾਂ ਵੋਟਰਾਂ ਨੂੰ ਨਜਾਇਜ਼ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਆਦਰਸ ਚੋਣ ਜਾਬਤੇ ਨੂੰ ਸਖਤੀ ਨਾਲ ਜ਼ਿਲ੍ਹੇ ਵਿੱਚ ਹੀ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਤੇ ਵੀ ਚੋਣਾਂ ਵਿੱਚ ਨਸ਼ੇ ਜਾਂ ਸ਼ਰਾਬ ਦੀ ਵੰਡ ਸਬੰਧੀ ਕਿਸੇ ਕੋਲ ਸੂਚਨਾ ਹੋਵੇ ਤਾਂ ਉਹ ਸੀ ਵਿਜਲ ਐਪ ਰਾਹੀਂ ਇਸਦੀ ਸੂਚਨਾ ਦੇ ਸਕਦਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨਾਂ ਆਬਕਾਰੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮੂਹ ਠੇਕਿਆਂ ਦੀ ਨੇੜਿਓ ਨਿਗਰਾਨੀ ਕਰਨ ਦੇ ਨਾਲ ਨਾਲ ਸ਼ਰਾਬ ਦੇ ਸਟੋਰਾਂ ਦੀ ਵੀ ਲਗਾਤਾਰ ਚੈਕਿੰਗ ਕਰਦਾ ਰਵੇ ਅਤੇ ਸ਼ਰਾਬ ਦੇ ਇੱਕ ਥਾਂ ਤੋਂ ਦੂਜੇ ਥਾਂ ਦੀ ਆਵਾਗਮਨ ਦੀ ਵੀ ਲਗਾਤਾਰ ਨਿਗਰਾਨੀ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਆਬਕਾਰੀ ਵਿਭਾਗ ਨੂੰ ਨਾਕਾਬੰਦੀ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ।ਇਸ ਤੋਂ ਬਿਨਾਂ ਪੁਲਿਸ ਵਿਭਾਗ ਵੱਲੋਂ ਵੀ ਜਿੱਥੇ ਅੰਤਰਰਾਜੀ ਸਰਹੱਦ ਤੇ ਨਾਕਾਬੰਦੀ ਕੀਤੀ ਗਈ ਹੈ ਉੱਥੇ ਹੀ ਦੂਜੇ ਜ਼ਿਲ੍ਹਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਵੀ ਚੌਕਸੀ ਰੱਖੀ ਜਾ ਰਹੀ ਹੈ। ਉਧਰ ਜ਼ਿਲ੍ਹੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਆਈਪੀਐਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਹੁਣ ਤੱਕ ਐਨਡੀਪੀਐਸ ਐਕਟ ਤਹਿਤ 12 ਕੇਸ ਦਰਜ ਕੀਤੇ ਗਏ ਹਨ ਅਤੇ 17 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ।ਇੰਨ੍ਹਾਂ ਤੋਂ 9.985 ਕਿਲੋ ਹੈਰੋਇਨ, 16.500 ਕਿਲੋ ਪੋਸਤ, 13.400 ਕਿਲੋ ਪੋਸਤ ਦੇ ਪੌਦੇ, 420 ਨਸ਼ੀਲੀਆਂ ਗੋਲੀਆਂ ਅਤੇ 20700 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਐਕਸਾਈਜ਼ ਐਕਟ ਦੇ ਤਹਿਤ ਚੋਣ ਜਾਬਤਾ ਲਾਗੂ ਹੋਣ ਤੋਂ ਲੈਕੇ ਹੁਣ ਤੱਕ ਜ਼ਿਲ੍ਹੇ ਵਿਚ 17 ਮਾਮਲੇ ਦਰਜ ਕੀਤੇ ਗਏ ਹਨ ਅਤੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਤੋਂ 162 ਲੀਟਰ ਨਜਾਇਜ਼ ਸ਼ਰਾਬ ਠੇਕਾ, 509 ਲੀਟਰ 805 ਮਿਲੀ ਨਜਾਇਜ਼ ਸ਼ਰਾਬ, 2840 ਲੀਟਰ ਲਾਹਨ ਅਤੇ ਦੋ ਚਾਲੂ ਭੱਠੀਆਂ ਫੜੀਆਂ ਗਈਆਂ ਹਨ। ਉਨਾਂ ਨੇ ਕਿਹਾ ਕਿ ਨਸ਼ੇ ਜਾਂ ਸ਼ਰਾਬ ਦੀ ਤਸਕਰੀ ਕਰਨ ਵਾਲੇ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਿਸੇ ਨੂੰ ਵੀ ਚੋਣ ਅਮਲ ਨੂੰ ਪ੍ਰਭਾਵਿਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।