ਲੋਕ ਸਭਾ ਚੋਣਾਂ-2024 ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਅਤੇ ਐਸ.ਐਸ.ਪੀ. ਵੱਲੋਂ ਪੱਤਰਕਾਰਾਂ ਨਾਲ ਮੀਟਿੰਗ

Ferozepur

ਫਿਰੋਜ਼ਪੁਰ 1 ਅਪ੍ਰੈਲ 2024.

          ਲੋਕਤੰਤਰ ਦੀ ਮਜ਼ਬੂਤੀ ਲਈ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਦੇ ਨਾਲ-ਨਾਲ ਅਤੇ ਹਰੇਕ ਨਾਗਰਿਕ ਨੂੰ ਵੋਟ ਦੇ ਅਧਿਕਾਰ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਂਕਿ ਇੱਕ-ਇੱਕ ਵੋਟ ਹੀ ਦੇਸ਼ ਦੇ ਸੁਨਿਹਰੇ ਭਵਿੱਖ ਵਿੱਚ ਯੋਗਦਾਨ ਪਾਉਂਦੀ ਹੈ। ਇਹ ਪ੍ਰਗਟਾਵਾ  ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਵੱਲੋਂ ਪੱਤਰਕਾਰ ਭਾਈਚਾਰੇ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ. ਸੋਮਿਆ ਮਿਸ਼ਰਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

        ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ  ਲੋਕ ਸਭਾ ਚੋਣਾਂ ਲਈ 7 ਮਈ ਤੋਂ 14 ਮਈ, 2024 ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਅਤੇ ਵਾਪਸੀ 17 ਮਈ ਤੱਕ ਹੋ ਸਕੇਗੀ। ਮਤਦਾਨ 1 ਜੂਨ 2024 ਨੂੰ ਹੋਵੇਗਾ ਅਤੇ ਗਿਣਤੀ 4 ਜੂਨ, 2024 ਨੂੰ ਹੋਵੇਗੀ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਤੇ ਵੋਟਾਂ ਵਾਲੇ ਦਿਨ ਵੱਧ ਤੋਂ ਵੱਧ ਮੱਤਦਾਨ ਕਰਕੇ ਆਪਣੀ ਮਰਜੀ ਦੇ ਲੋਕ ਨੁਮਾਇੰਦੇ ਚੁਣ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ। ਉਨ੍ਹਾਂ ਸੀ-ਵੀਜ਼ਿਲ ਐਪ ਸਬੰਧੀ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੋਈ ਵੀ ਨਾਗਰਿਕ ਇਸ ਐਪ ਦੀ ਵਰਤੋਂ ਕਰਕੇ ਚੋਣ ਜ਼ਾਬਤੇ ਦੀ ਉਲਘੰਣਾ ਸਬੰਧੀ ਸ਼ਕਾਇਤ ਕਰ ਸਕਦਾ ਹੈ ਜਿਸਦਾ 100 ਮਿੰਟ ਦੇ ਅੰਦਰ-ਅੰਦਰ ਸਮਾਧਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸੀ-ਵੀਜਿਲ ਐਪ ਤੇ ਹੁਣ ਤੱਕ 9 ਸਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ 5 ਦਾ ਨਿਪਟਾਰਾ ਕੀਤਾ ਗਿਆ ਹੈ ਜਦਕਿ 4 ਫੇਕ ਪਾਈਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੱਥਾਂ ਦੇ ਆਧਾਰ ਤੇ ਹੀ ਸ਼ਕਾਇਤ ਦਰਜ ਕਰਨ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹੇ ਦੇ ਅਸਲਾ ਧਾਰਕਾਂ ਨੂੰ ਕਿਹਾ ਕਿ ਉਹ ਤੁਰੰਤ ਆਪਣਾ ਅਸਲਾ ਥਾਣੇ ਜਾਂ ਅਸਲਾ ਡੀਲਰਾਂ ਕੋਲ ਜਮ੍ਹਾ ਕਰਵਾਉਣ।

        ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ 10 ਫਿਰੋਜ਼ਪੁਰ ਵਿੱਚ ਕੁੱਲ 1655729 ਵੋਟਰ ਹਨ ਜਿਨ੍ਹਾਂ ਵਿਚੋਂ 873026 ਮਰਦ 782658 ਔਰਤਾਂ ਅਤੇ 45 ਤੀਜੇ ਲਿੰਗ ਵਾਲੇ ਵੋਟਰ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ ਜਿਨ੍ਹਾਂ ਵਿਚੋਂ 76 ਫਿਰੋਜ਼ਪੁਰ ਸ਼ਹਿਰੀ ਵਿੱਚ 91865 ਮਰਦ, 80937 ਔਰਤਾਂ ਅਤੇ 5 ਥਰਡ ਜੇਂਡਰ ਵੋਟਰ ਹਨ। 77 ਫਿਰੋਜ਼ਪੁਰ ਦਿਹਾਤੀ ਵਿੱਚ 102601 ਮਰਦ, 91487 ਔਰਤਾਂ ਅਤੇ 6 ਥਰਡ ਜੇਂਡਰ ਵੋਟਰ ਹਨ, 78 ਗੁਰੂਹਰਸਹਾਏ ਵਿੱਚ 88874 ਮਰਦ, 818663 ਔਰਤਾਂ ਅਤੇ 8 ਥਰਡ ਜੇਂਡਰ ਵੋਟਰ ਹਨ। ਇਸੇ ਤਰ੍ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਹਲਕੇ 79 ਜਲਾਲਾਬਾਦ ਵਿੱਚ 110309 ਮਰਦ 101446 ਔਰਤਾਂ ਅਤੇ 4 ਥਰਡ ਜੇਂਡਰ ਵੋਟਰ, 80 ਫਾਜ਼ਿਲਕਾ ਵਿੱਚ 93625 ਮਰਦ, 85634 ਔਰਤਾਂ, 7 ਥਰਡ ਜੇਂਡਰ ਵੋਟਰ , 81 ਅਬੋਹਰ ਵਿੱਚ 96309 ਮਰਦ 84700 ਔਰਤਾਂ 5 ਥਰਡ ਜੇਂਡਰ ਵੋਟਰ, 82 ਬੱਲੂਆਣਾ ਵਿਚ 99218 ਮਰਦ 86025 ਔਰਤਾਂ ਵੋਟਰ ਹਨ। ਇਸੇ ਤਰ੍ਹਾਂ ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ 85 ਮਲੋਟ ਵਿੱਚ 92571 ਮਰਦ 82576 ਔਰਤਾਂ ਅਤੇ 8 ਥਰਡ ਜੇਂਡਰ ਵੋਟਰ, ਹਲਕਾ 86 ਸ੍ਰੀ ਮੁਕਤਸਰ ਸਾਹਿਬ ਵਿੱਚ 97654 ਮਰਦ 87990 ਅਤੇ 2 ਥਰਡ ਜੇਂਡਰ ਵੋਟਰ ਹਨ।

          ਇਸ ਮੌਕੇ ਐਸ.ਐਸ.ਪੀ. ਸੋਮਿਆ ਮਿਸ਼ਰਾ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਆਦਰਸ਼ ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਿਸੇ ਨੂੰ ਵੀ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਉਲੰਘਣਾ ਕਰੇਗਾ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਬੀ.ਐਸ.ਐਫ.ਦੀ ਕੰਪਨੀ ਵੀ ਫਿਰੋਜ਼ਪੁਰ ਵਿੱਚ ਚੋਣਾਂ ਦੇ ਸਬੰਧ ਵਿੱਚ ਲਗਾਈ ਗਈ ਹੈ ਅਤੇ ਲੋੜ ਅਨੁਸਾਰ ਹੋਰ ਕੇਂਦਰੀ ਬਲ ਵੀ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 17 ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਪੁਲਿਸ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਕਿਆਂ ਦੇ ਸਥਾਨ ਲਗਾਤਾਰ ਬਦਲਦੇ ਰਹਿੰਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 2 ਹਾਈਟੈੱਕ ਨਾਕੇ ਵੀ ਲਗਾਏ ਜਾ ਰਹੇ ਹਨ ਅਤੇ ਜ਼ਿਲ੍ਹਾ ਪੁਲਿਸ ਵਲੋਂ ਬੀ.ਐਸ.ਐਫ. ਦੀ ਮੱਦਦ ਨਾਲ ਜ਼ਿਲ੍ਹੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।

        ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਮਬਾ, ਸਹਾਇਕ ਕਮਿਸ਼ਨਰ ਸ੍ਰੀ ਸੂਰਜ, ਐਸ.ਪੀ. ਸ੍ਰੀ ਰਣਧੀਰ ਕੁਮਾਰ, ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼, ਡੀ.ਐਸ.ਪੀ. ਸ੍ਰੀ ਸੁਖਵਿੰਦਰ ਸਿੰਘ ਅਤੇ ਸ੍ਰੀ ਪਰਦੀਪ ਸਿੰਘ ਆਦਿ ਹਾਜ਼ਰ ਸਨ।