ਮਾਨਸਾ, 26 ਮਾਰਚ:
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਵਿਖੇ ਲੱਗੇ ਤਿੰਨ ਰੋਜ਼ਾ ਕਲਾ ਕਿਤਾਬ ਮੇਲੇ ਵਿਚ ਸਵੀਪ ਨੋਡਲ ਅਧਿਕਾਰੀਆਂ ਦੁਆਰਾ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।
ਸਵੀਪ ਨੋਡਲ ਅਫ਼ਸਰ ਵਿਧਾਨ ਸਭਾ ਹਲਕਾ ਮਾਨਸਾ ਜਗਜੀਵਨ ਸਿੰਘ ਆਲੀਕੇ ਅਤੇ ਸਹਾਇਕ ਨੋਡਲ ਅਫ਼ਸਰ ਸਵੀਪ ਨਿਰੰਜਣ ਸਿੰਘ ਅੱਕਾਂਵਾਲੀ ਨੇ ਦੱਸਿਆ ਕਿ ਕਲਾ ਕਿਤਾਬ ਮੇਲੇ ਵਿਚ ਸ਼ਿਰਕਤ ਕਰਨ ਵਾਲੇ ਨੌਜਵਾਨਾਂ ਅਤੇ ਹੋਰ ਵੋਟਰਾਂ ਨੂੰ ਲੋਕ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਮਤਦਾਨ ਕਰਨ ਲਈ ਪ੍ਰੇਰਿਤ ਕਰਦਿਆਂ ‘ਅਸੀਂ ਵੋਟ ਜ਼ਰੂਰ ਪਾਵਾਂਗੇ’ ਅਤੇ ‘ਇਸ ਵਾਰ 70 ਪਾਰ’ ਅਤੇ ‘ਕੋਈ ਵੀ ਵੋਟਰ ਵਾਂਝਾ ਨਾ ਰਹਿ ਜਾਵੇ’ ਦਾ ਸੰਦੇਸ਼ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਸਵੀਪ ਮੁਹਿੰਮ ਤਹਿਤ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਬਿਨਾਂ ਕਿਸੇ ਡਰ, ਜਾਤ, ਭਾਸ਼ਾ, ਧਰਮ ਅਤੇ ਲਾਲਚ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਭਾਰਤ ਚੋਣ ਕਮਿਸ਼ਨ ਦੇ ਨਾਅਰੇ ’ਇਸ ਵਾਰ 70 ਪਾਰ’ ਨੂੰ ਹਕੀਕਤ ਵਿੱਚ ਬਦਲਣ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਬੂਥ ’ਤੇ ਪਹੁੰਚ ਕੇ ਵੋਟਰਾਂ ਨੇ ਲੋਕ ਸਭਾ ਚੋਣਾਂ ਦੀ ਸਮਾਂ ਸੂਚੀ ਅਤੇ ਵੋਟਿੰਗ ਪ੍ਰਣਾਲੀ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਵੋਟਰਾਂ ਵਿਚ ਮਤਦਾਨ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।