ਅੰਮ੍ਰਿਤਸਰ 26 ਮਾਰਚ 2024—-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਕ ਸਭਾ ਚੋਣਾਂ-2024 ਵਿੱਚ ਨੌਜਵਾਨ ਵੋਟਰਾਂ ਦੀ ਸ਼ਮੂਲੀਅਤ ਨੂੰ ਹੋਰ ਵਧਾਉਣ ਲਈ ਸਵੀਪ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਵਜੋਂ ਅੱਜ ਜਿਲ੍ਹੇ ਦੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਸੈਂਕੜਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਮੋਬਾਈਲ ਫੋਨਾਂ ਤੇ ਲੋਕ ਸਭਾ ਚੋਣਾਂ ਸਬੰਧੀ ਵੋਟਰ ਹੈਲਪਲਾਈਨ ਐਪ, ਸੀ-ਵਿਜਿਲ ਐਪ, ਕੇ.ਵਾਈ.ਸੀ. ਐਪ ਅਤੇ ਸਕਸ਼ਮ ਐਪ ਡਾਊਨਲੋਡ ਕੀਤੀਆਂ।
ਜਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਲਈ ਇਹਨਾਂ ਐਪਾਂ ਨੂੰ ਤਿਆਰ ਕੀਤਾ ਗਿਆ ਹੈ, ਜਿਹਨਾਂ ਦਾ ਉਪਯੋਗ ਕਰਕੇ ਵੋਟਰ ਘਰ ਬੈਠੇ ਹੀ ਚੋਣਾਂ ਸਬੰਧੀ ਸਾਰੀ ਲੋੜੀਂਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ। ਵੋਟਰ ਹੈਲਪਲਾਈਨ ਐਪ ਉਹ ਐਪ ਹੈ ਜਿਸ ਰਾਹੀਂ ਕੋਈ ਵੀ ਵੋਟਰ ਆਪਣੀ ਵੋਟ ਸਬੰਧੀ ਕੋਈ ਵੀ ਜਾਣਕਾਰੀ ਜਿਵੇਂ ਵੋਟਰ ਕਾਰਡ ਨੰਬਰ, ਬੂਥ ਨੰਬਰ, ਬੀ.ਐਲ.ਓ. ਦਾ ਨਾਮ ਅਤੇ ਫ਼ੋਨ ਨੰਬਰ ਜਿਹੀ ਕੋਈ ਵੀ ਜਾਣਕਾਰੀ ਲੈ ਸਕਦਾ ਹੈ, ਨਾਲ ਹੀ ਨਵੀਂ ਵੋਟ ਵੀ ਅਪਲਾਈ ਕੀਤੀ ਜਾ ਸਕਦੀ ਹੈ ਜਾਂ ਵੋਟਰ ਕਾਰਡ ਵਿੱਚ ਕੋਈ ਵੀ ਸੋਧ ਆਨਲਾਈਨ ਫ਼ਾਰਮ ਭਰ ਕੇ ਕਰਵਾਈ ਜਾ ਸਕਦੀ ਹੈ। ਕੇ.ਵਾਈ.ਸੀ. ਐਪ ਰਾਹੀਂ ਚੋਣ ਲੜ੍ਹ ਰਹੇ ਉਮੀਦਵਾਰਾਂ ਦੇ ਸਾਰੇ ਵੇਰਵੇ ਵੇਖੇ ਜਾ ਸਕਦੇ ਹਨ। ਸਕਸ਼ਮ ਐਪ ਦਿਵਿਯਾਂਗ ਵੋਟਰਾਂ ਲਈ ਬਣਾਈ ਗਈ ਹੈ, ਜਿਸ ਉੱਪਰ ਰਜਿਸਟਰੇਸ਼ਨ ਕਰਕੇ ਕੋਈ ਵੀ ਦਿਵਿਯਾਂਗ ਵੋਟਰ ਵੋਟਾਂ ਵਾਲੇ ਦਿਨ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣ ਸਕਦਾ ਹੈ।
ਇਹਨਾਂ ਐਪਾਂ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਡੀ.ਏ.ਵੀ.ਕਾਲਜ਼ ਦੇ ਵਿਦਿਆਰਥੀ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਐਪ ਕਾਫ਼ੀ ਲਾਹੇਵੰਦ ਹਨ ਅਤੇ ਉਹ ਹੋਰ ਵੀ ਦੋਸਤਾਂ ਨੂੰ ਇਸਨੂੰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਇਸ ਤੋਂ ਪਹਿਲਾਂ ਇਹਨਾਂ ਐਪਾਂ ਬਾਰੇ ਕੁੱਝ ਵੀ ਪਤਾ ਨਹੀਂ ਸੀ। ਉਸ ਨੇ ਭਾਰਤ ਚੋਣ ਕਮਿਸ਼ਨ ਵਲੋਂ ਕੀਤੇ ਜਾ ਰਹੇ ਇਹਨਾਂ ਉਪਰਾਲਿਆਂ ਲਈ ਉਹਨਾਂ ਦਾ ਧੰਨਵਾਦ ਕੀਤਾ।