ਅੰਮ੍ਰਿਤਸਰ 21 ਮਾਰਚ 2024–
ਪਿੰਗਲਵਾੜਾ ਦੇ ਬਾਣੀ ਭਗਤ ਪੂਰਨ ਸਿੰਘ ਨਿਸ਼ਕਾਮ ਸੇਵਾ ਦੇ ਪੁੰਜ ਸਨ ਅਤੇ ਉਨਾਂ ਨੇ ਆਪਣੀ ਸਾਰੀ ਜਿੰਦਗੀ ਬੇਸਹਾਰਾ ਲੋਕਾਂ ਦੀ ਭਲਾਈ ਵਿੱਚ ਗੁਜ਼ਾਰ ਦਿੱਤੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਪਿੰਗਲਵਾੜਾ, ਮਾਨਾਵਾਲਾ ਦਾ ਦੌਰਾ ਕਰਨ ਉਪਰੰਤ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਕੰਮ ਭਗਤ ਪੂਰਨ ਸਿੰਘ ਨੇ ਕੀਤਾ ਹੈ, ਉਹ ਕੰਮ ਪਰਮਾਤਾ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਬਿਨਾਂ ਨਿਰਸਵਾਰਥ ਲੋਕਾਂ ਦੀ ਸੇਵਾ ਕਰਨਾ ਹੀ ਭਗਤ ਜੀ ਦਾ ਮੁੱਖ ਉਦੇਸ਼ ਸੀ ਅਤੇ ਉਨਾਂ ਨੇ ਆਪਣੀ ਸਾਰੀ ਜਿੰਦਗੀ ਇਸ ਦੇਸ਼ ਦੀ ਪ੍ਰਤੀਪੂਰਤੀ ਲਈ ਲੇਖੇ ਲਾ ਦਿੱਤੀ। ਉਨਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ ਕਈ ਵਰ੍ਹੇ ਪਹਿਲਾਂ ਵਾਤਾਵਰਨ ਨੂੰ ਬਚਾਉਣ ਦਾ ਸੱਦਾ ਦੇ ਗਏ ਸਨ, ਪਰ ਅਸੀਂ ਉਸਨੂੰ ਗੰਭੀਰਤਾ ਨਾਲ ਨਹੀਂ ਲਿਆ। ਪਰ ਅੱਜ ਸਾਨੂੰ ਇਹ ਸੱਦਾ ਹਕੀਕਤ ਵਿੱਚ ਅਪਣਾਉਣ ਦੀ ਲੋੜ ਹੈ ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀਆਂ ਨੂੰ ਸੁਰੱਖਿਅਤ ਬਚਾ ਸਕਾਂਗੇ। ਉਨਾਂ ਕਿਹਾ ਕਿ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੁਨੀਆਂ ਦੀਆਂ ਮਹਾਨ ਸੰਸਥਾਵਾਂ ਵਿਚੋਂ ਇਕ ਹੈ ਅਤੇ ਇਨਾਂ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਲਗਾਈ ਜਾਗ ਅੱਜ ਦੀਵੇ ਬਣ ਕੇ ਲੋਅ ਦੇਣ ਲੱਗੀ ਹੈ।
ਡਿਪਟੀ ਕਮਿਸ਼ਨਰ ਵਲੋਂ ਪਿੰਗਲਵਾੜੇ ਦਾ ਦੌਰਾ ਕਰਕੇ ਹਰੇਕ ਚੀਜ਼ ਨੂੰ ਬਾਰੀਕੀ ਨਾਲ ਜਾਣਿਆ ਅਤੇ ਕਿਹਾ ਕਿ ਪ੍ਰ਼ਸਾਸ਼ਨ ਹਮੇਸ਼ੀ ਹੀ ਇਸ ਸੰਸਥਾ ਦੇ ਸਹਿਯੋਗ ਲਈ ਤੱਤਪਰ ਰਹੇਗਾ। ਇਸ ਮੌਕੇ ਡਾ. ਇੰਦਰਜੀਤ ਕੌਰ ਵਲੋਂ ਡਿਪਟੀ ਕਮਿਸ਼ਨਰ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਡਾ. ਜਗਦੀਪਕ ਸਿੰਘ ਮੀਟ ਪ੍ਰਧਾਨ ਸ: ਰਾਜਬੀਰ ਸਿੰਘ ਸੁਸਾਇਟੀ ਮੈਂਬਰ, ਸ: ਪਰਮਿੰਦਰਜੀਤ ਸਿੰਘ ਭੱਟੀ ਪ੍ਰਸਾਸ਼ਕ, ਡਾ. ਅਮਰਜੀਤ ਸਿੰਘ, ਸ: ਨਰਿੰਦਰਪਾਲ ਸਿੰਘ, ਸ: ਜੈ ਸਿੰਘ, ਸ਼੍ਰੀ ਯੋਗੇਸ਼ ਸੂਰੀ ਵੀ ਹਾਜ਼ਰ ਸਨ।