ਬਠਿੰਡਾ, 21 ਮਾਰਚ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ ਵੱਲੋਂ ਸੀਸੀਆਈ ਦੇ ਸਹਿਯੋਗ ਨਾਲ ਨਰਮਾ ਤੇ ਕਪਾਹ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ “ਕਪਾਹ ਦੇ ਝਾੜ ਗੁਣਵੱਤਾ ਅਤੇ ਪੈਦਾਵਾਰ ਵਿੱਚ ਸੁਧਾਰ ਕਰਨ ਲਈ ਵਧੀਆ ਖੇਤੀ ਤਕਨੀਕਾਂ ਬਾਰੇ ਜਾਗਰੂਕਤਾ ਅਤੇ ਪ੍ਰਸਾਰ ਸੇਵਾ” ਬਾਰੇ ਇੱਕ ਵਿਆਪਕ ਕਪਾਹ ਸਿਖਲਾਈ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।
ਇਸ ਮੌਕੇ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਕੇ. ਐਸ. ਸੇਖੋਂ ਨੇ ਤੁਪਕਾ ਸਿੰਚਾਈ ਨਾਲ ਨਰਮੇ ਦੀ ਖੇਤੀ ਕਰਨ ਦੇ ਨਾਲ-ਨਾਲ ਨਰਮੇ ਦੀ ਖੇਤੀ ਕਰਨ ਦੇ ਜ਼ਰੂਰੀ ਨੁਕਤੇ ਦੱਸੇ। ਸੀਨੀਅਰ ਖੇਤੀ ਵਿਗਿਆਨੀ, ਖੇਤਰੀ ਖੋਜ ਕੇਂਦਰ. ਫਰੀਦਕੋਟ ਡਾ. ਕੁਲਵੀਰ ਸਿੰਘ ਨੇ ਸੀ.ਸੀ.ਆਈ, ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਦੱਸਿਆ ਤੇ ਪ੍ਰਮੁੱਖ ਕਪਾਹ ਵਿਗਿਆਨੀ ਖੇਤਰੀ ਖੋਜ ਕੇਂਦਰ ਡਾ. ਪਰਮਜੀਤ ਸਿੰਘ ਨੇ ਪ੍ਰੋਜੈਕਟ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ ਅਤੇ ਪੰਜਾਬ ਅਤੇ ਭਾਰਤ ਵਿੱਚ ਕਪਾਹ ਦੀ ਕਾਸ਼ਤ ਦੇ ਮੌਜੂਦਾ ਦ੍ਰਿਸ਼ ‘ਤੇ ਚਾਨਣਾ ਪਾਇਆ।
ਇਸ ਦੌਰਾਨ ਪਲਾਂਟ ਬਰੀਡਰ, ਖੇਤਰੀ ਖੋਜ ਕੇਂਦਰ ਡਾ. ਗੋਮਤੀ ਗਰੋਵਰ ਨੇ ਵਧੀਆ ਫਸਲ ਉਤਪਾਦਨ ਲਈ ਬੀਟੀ ਨਰਮੇ ਤੇ ਕਪਾਹ ਦੀਆਂ ਉੱਤਮ ਕਿਸਮਾਂ ਦੀ ਚੋਣ ਬਾਰੇ ਦੱਸਿਆ। ਖੇਤਰੀ ਖੋਜ ਕੇਂਦਰ ਦੇ ਸੀਨੀਅਰ ਖੇਤੀ ਵਿਗਿਆਨੀ ਡਾ. ਮਨਪ੍ਰੀਤ ਸਿੰਘ ਨੇ ਕਪਾਹ ਦੇ ਬਿਹਤਰ ਉਤਪਾਦਨ ਲਈ ਖੇਤੀ ਵਿਗਿਆਨਕ ਦਖਲਅੰਦਾਜ਼ੀ ਬਾਰੇ ਦੱਸਿਆ ਅਤੇ ਖੇਤਰੀ ਖੋਜ ਕੇਂਦਰ ਬਠਿੰਡਾ ਤੋਂ ਡਾ. ਐਚ.ਐਸ ਬਰਾੜ ਨੇ ਕਪਾਹ ਵਿੱਚ ਖਾਦਾਂ ਅਤੇ ਪੌਸ਼ਟਿਕ ਤੱਤਾਂ ਦੇ ਪ੍ਰਬੰਧਨ ਬਾਰੇ ਚਰਚਾ ਕੀਤੀ।
ਡਾ. ਵਿਜੇ ਕੁਮਾਰ, ਪ੍ਰਿੰਸੀਪਲ ਕੀਟ-ਵਿਗਿਆਨੀ, ਪੀਏਯੂ ਲੁਧਿਆਣਾ, ਡਾ.ਜਸਜਿੰਦਰ ਕੌਰ, ਅਤੇ ਡਾ ਜਸਰੀਤ ਕੌਰ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਕੀਟ-ਵਿਗਿਆਨੀਆਂ ਦੁਆਰਾ ਕਪਾਹ ਵਿੱਚ ਗੁਲਾਬੀ ਸੁੰਡੀ ਅਤੇ ਰਸ ਚੂਸਣ ਵਾਲੇ ਕੀੜਿਆਂ ਦੇ ਏਕੀਕ੍ਰਿਤ ਪ੍ਰਬੰਧਨ ਬਾਰੇ ਮੁੱਖ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ, ਕਪਾਹ ਵਿੱਚ ਗੁਲਾਬੀ ਸੁੰਡੀ ਦੇ ਪ੍ਰਬੰਧਨ ਲਈ “ਸਪਲੈਟ” ਅਤੇ “ਪੀਬੀ ਗੰਢ” ਤਕਨੀਕ ਵਰਗੀਆਂ ਨਵੀਆਂ ਖੇਤੀ ਤਕਨੀਕਾਂ ਨੂੰ ਉਜਾਗਰ ਕੀਤਾ ਗਿਆ, ਨਾਲ ਹੀ ਕਪਾਹ ਦੀਆਂ ਛੱਟੀਆਂ ਦੇ ਪ੍ਰਬੰਧਨ ‘ਤੇ ਚਰਚਾ ਕੀਤੀ ਗਈ। ਡਾ: ਜਗਦੀਸ਼ ਅਰੋੜਾ ਨੇ ਰੋਗ ਪ੍ਰਬੰਧਨ ਦੇ ਅਹਿਮ ਪਹਿਲੂਆਂ ਬਾਰੇ ਸੰਬੋਧਨ ਕੀਤਾ। ਡਾ: ਸੁਧੀਰ ਮਿਸ਼ਰਾ ਨੇ ਕ੍ਰਮਵਾਰ ਸਫਲ ਫਸਲਾਂ ਦੀ ਕਾਸ਼ਤ ਵਿੱਚ ਮੌਸਮੀ ਬਦਲਾਅ ਅਤੇ ਸਲਾਹ ਦੀ ਭੂਮਿਕਾ ਬਾਰੇ ਚਰਚਾ ਕੀਤੀ।
ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ, ਪੀ.ਏ.ਯੂ ਲੁਧਿਆਣਾ ਦੇ ਡਾ ਵਰਮਾ ਨੇ ਦੱਸਿਆ ਕਿ ਨਰਮੇ ਦੀ ਛਟੀਆਂ ਨੂੰ ਇਕ ਮਸ਼ੀਨ ਰਾਹੀ ਪੀਸ ਕੇ ਬਰੀਕ ਕਰਨ ਲਈ (ਸ਼ਰਡਰ) ਕਿਵੇ ਵਰਤਿਆਂ ਜਾ ਸਕਦਾ ਹੈ। ਡਾ ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਬਠਿੰਡਾ ਪੰਜਾਬ ਨੇ ਸਿਖਲਾਈ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਅਤੇ ਵਿਭਾਗ ਵੱਲੋਂ ਨਰਮੇ ਨੂੰ ਪ੍ਰਫੁੱਲਿਤ ਕਰਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ। ਅਤੇ ਮਾਹਿਰਾਂ ਦੁਆਰਾ ਦਿੱਤੇ ਭਾਸ਼ਣ ਦੀ ਸ਼ਲਾਘਾ ਵੀ ਕੀਤੀ। ਸਰਦਾਰ ਗੁਰਦੀਪ ਸਿੰਘ, ਸੀਨੀਅਰ ਕਮਰਸ਼ੀਅਲ ਅਫਸਰ, ਸੀ.ਸੀ.ਆਈ. ਨੇ ਵੀ ਖੇਤਰੀ ਖੋਜ ਕੇਂਦਰ, ਬਠਿੰਡਾ ਦੁਆਰਾ ਕਰਵਾਏ ਗਏ ਸਿਖਲਾਈ ਪ੍ਰੋਗਰਾਮ ਅਤੇ ਸਿਖਲਾਈ ਪ੍ਰੋਗਰਾਮ ਵਿੱਚ ਵੰਡੇ ਗਏ ਕਿਤਾਬਚੇ ਨੂੰ ਮਾਨਤਾ ਦਿੱਤੀ।
ਧੰਨਵਾਦ ਦੇ ਮਤੇ ਦੇ ਆਪਣੇ ਸੰਬੋਧਨ ਵਿੱਚ, ਡਾ. ਪਰਮਜੀਤ ਸਿੰਘ, ਪ੍ਰਿੰਸੀਪਲ ਕਪਾਹ ਬਰੀਡਰ, ਨੇ ਕਪਾਹ ਦੀ ਖੇਤੀ ਤਕਨੀਕਾਂ ਨੂੰ ਅੱਗੇ ਵਧਾਉਣ ਲਈ ਪਾਏ ਉਹਨਾਂ ਦੇ ਵੱਡਮੁੱਲੇ ਯੋਗਦਾਨ ਲਈ ਸਾਰੇ ਭਾਗੀਦਾਰਾਂ, ਬੁਲਾਰਿਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਡਾ ਜੀ.ਐੱਸ ਰੋਮਾਣਾ ਨੇ ਪ੍ਰੋਗਰਾਮ ਦਾ ਸੰਚਾਲਣ ਬਾਖੂਬੀ ਨਿਭਾਇਆ।
ਕਪਾਹ ਸਿਖਲਾਈ ਪ੍ਰੋਗਰਾਮ ਨੇ ਗਿਆਨ ਦੇ ਆਦਾਨ-ਪ੍ਰਦਾਨ ਅਤੇ ਸਹਿਯੋਗ ਲਈ ਇੱਕ ਪਲੇਟਫਾਰਮ ਵਜੋਂ ਕੰਮ ਕੀਤਾ ਅਤੇ ਪੰਜਾਬ ਅਤੇ ਇਸ ਤੋਂ ਬਾਹਰ ਟਿਕਾਊ ਕਪਾਹ ਦੀ ਕਾਸ਼ਤ ਲਈ ਸਮੂਹਿਕ ਯਤਨਾਂ ਨੂੰ ਉਤਸ਼ਾਹਿਤ ਕੀਤਾ।