ਧੂਰੀ/ਸੰਗਰੂਰ, 6 ਫਰਵਰੀ-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਲਘੂ ਉਦਯੋਗ ਨਿਗਮ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋ, ਮੁੱਖ ਮੰਤਰੀ ਫੀਲਡ ਅਫਸਰ ਡਾ. ਕਰਮਜੀਤ ਸਿੰਘ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਧੂਰੀ ਦੇ ਤੋਤਾਪੁਰੀ ਰੋਡ ਵਿਖੇ ਬਣਾਏ ਜਾ ਰਹੇ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਦੇ ਨਿਰਮਾਣ ਕਾਰਜਾਂ ਦਾ ਨਿਰੀਖਣ ਕੀਤਾ।
ਇਸ ਮੌਕੇ ਚੇਅਰਮੈਨ ਦਲਬੀਰ ਸਿੰਘ ਢਿੱਲੋ ਨੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਰਧਾਰਤ ਸਮਾਂ ਸੀਮਾ ਅਨੁਸਾਰ ਇਸ ਪ੍ਰੋਜੈਕਟ ਨੂੰ ਨੇਪਰੇ ਚੜਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਐਸ.ਟੀ.ਪੀ ਦਾ 85% ਕੰਮ ਪੂਰਾ ਹੋ ਚੁੱਕਾ ਹੈ।
ਚੇਅਰਮੈਨ ਦਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ 5 ਐਮ.ਐਲ.ਡੀ ਸਮਰੱਥਾ ਵਾਲਾ ਇਹ ਐਸ.ਟੀ.ਪੀ, ਸੀਵਰੇਜ ਦੇ ਪਾਣੀ ਨੂੰ ਅਤਿ ਆਧੁਨਿਕ ਪ੍ਰਣਾਲੀ ਉਪਰੰਤ ਸੋਧਣ ਉਪਰੰਤ ਪਾਣੀ ਨੂੰ ਖੇਤਾਂ ਦੀ ਸਿੰਜਾਈ ਲਈ ਵਰਤਣ ਦੇ ਯੋਗ ਬਣਾਏਗਾ। ਉਹਨਾਂ ਦੱਸਿਆ ਕਿ ਇਸ ਟਰੀਟਮੈਂਟ ਪਲਾਂਟ ਤੋਂ ਬਹਾਦਰ ਸਿੰਘ ਵਾਲਾ ਡਰੇਨ ਤੱਕ ਅੰਡਰਗਰਾਊਂਡ ਪਾਈਪ ਲਾਈਨ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨਾਂ ਤੋਂ ਪਾਰ ਵਾਲੇ ਏਰੀਏ ਨੂੰ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਮੁਕੰਮਲ ਰਾਹਤ ਦਿਵਾਉਣ ਦੀ ਦਿਸ਼ਾ ਵਿੱਚ ਨਿਰੰਤਰ ਕਦਮ ਪੁੱਟੇ ਜਾ ਰਹੇ ਹਨ ਅਤੇ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਐਸ.ਟੀ.ਪੀ ਲਈ ਤਿਆਰ ਕੀਤੇ ਜਾ ਰਹੇ ਨਵੇਂ ਪ੍ਰੋਜੈਕਟ ਨੂੰ ਛੇਤੀ ਤੋਂ ਛੇਤੀ ਅਮਲੀ ਜਾਮਾ ਪਹਿਨਾਉਣ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਅਗਲੇ ਤਿੰਨ ਮਹੀਨਿਆਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ।