ਚੰਡੀਗੜ੍ਹ, 12 ਮਾਰਚ
ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਚਾਲੂ ਵਿੱਤੀ ਸਾਲ 2023-24 ਦੌਰਾਨ ਹੁਣ ਤੱਕ ਸੂਬੇ ਦੇ ਕੁੱਲ 70,86,273 ਘਰੇਲੂ ਖਪਤਕਾਰਾਂ ਨੂੰ ‘ਜ਼ੀਰੋ ਬਿਜਲੀ ਬਿੱਲ’ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਦੇ 77,23,309 ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਅਤੇ 600 ਯੂਨਿਟ ਪ੍ਰਤੀ ਬਿਲਿੰਗ ਸਾਈਕਲ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਗਈ।
ਬਿਜਲੀ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਵਿੱਤੀ ਸਾਲ 2021-22 ਵਿੱਚ 200 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਸਪਲਾਈ ਦਾ ਲਾਭ ਲੈਣ ਵਾਲੇ 22,48,065 ਖਪਤਕਾਰਾਂ ਦੇ ਮੁਕਾਬਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਅਤੇ ਖਾਸਤੌਰ ‘ਤੇ ਊਰਜਾ ਦੀਆਂ ਵੱਧ ਦੀਆਂ ਕੀਮਤਾਂ ਦੇ ਮੱਦੇਨਜ਼ਰ ਇਹ ਪਹਿਲਕਦਮੀ 90 ਪ੍ਰਤੀਸ਼ਤ ਘਰੇਲੂ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋਈ ਹੈ।
ਲਾਭਪਾਤਰੀਆਂ ਦਾ ਜ਼ਿਲ੍ਹਾਵਾਰ ਵੇਰਵਾ ਦਿੰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਲੁਧਿਆਣਾ ਤੋਂ 7,43,631, ਪਟਿਆਲਾ ਤੋਂ 5,21,301, ਅੰਮ੍ਰਿਤਸਰ ਤੋਂ 5,15,352, ਹੁਸ਼ਿਆਰਪੁਰ ਤੋਂ 4,60,033, ਸ੍ਰੀ ਮੁਕਤਸਰ ਸਾਹਿਬ ਤੋਂ 4,13,788, ਗੁਰਦਾਸਪੁਰ ਤੋਂ 3,96,757, ਜਲੰਧਰ ਤੋਂ 3,95,369, ਰੋਪੜ ਤੋਂ 3,78,330, ਤਰਨਤਾਰਨ ਤੋਂ 3,30,010, ਕਪੂਰਥਲਾ ਤੋਂ 3,01,901, ਸ਼ਹੀਦ ਭਗਤ ਸਿੰਘ ਨਗਰ ਤੋਂ 2,96, 757, ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ 2,88,499, ਬਠਿੰਡਾ ਤੋਂ 2,83,177, ਸ੍ਰੀ ਫਤਹਿਗੜ੍ਹ ਸਾਹਿਬ ਤੋਂ 2,57,264, ਸੰਗਰੂਰ ਤੋਂ 2,35,670, ਮੋਗਾ ਤੋਂ 2,13,871, ਬਰਨਾਲਾ ਤੋਂ 1,98,061, ਫਿਰੋਜ਼ਪੁਰ ਤੋਂ 1,93,159, ਮਾਨਸਾ ਤੋਂ 1,88,785, ਪਠਾਨਕੋਟ ਤੋਂ 1,70,039, ਫਰੀਦਕੋਟ ਤੋਂ 1,42,580, ਮਾਲੇਰਕੋਟਲਾ ਤੋਂ 97,553 ਅਤੇ ਫਾਜ਼ਿਲਕਾ ਤੋਂ 64,386 ਘਰੇਲੂ ਖਪਤਕਾਰਾਂ ਨੇ ਵਿੱਤੀ ਸਾਲ 2024-25 ਵਿੱਚ ਜ਼ੀਰੋ ਬਿਜਲੀ ਬਿੱਲ ਪ੍ਰਾਪਤ ਕੀਤਾ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਸ ਪ੍ਰਾਪਤੀ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਸਾਰਿਆਂ ਲਈ ਕਿਫਾਇਤੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਪ੍ਰਤੀ ਇਸ ਦੇ ਸਮਰਪਣ ਦਾ ਪ੍ਰਮਾਣ ਹੈ।