ਛੋਟੇ ਕਿਸਾਨਾਂ ਦੀ ਸਹੂਲਤ ਲਈ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਸਹਿਕਾਰੀ ਸਭਾਵਾਂ ਵਿਚ 644 ਖੇਤੀ ਮਸ਼ੀਨਾਂ ਉਪਲਬਧ:ਮੁੱਖ ਖੇਤੀਬਾੜੀ ਅਫ਼ਸਰ

Faridkot Politics Punjab

ਫਰੀਦਕੋਟ : 29 ਸਤੰਬਰ 2024 ( ) 

ਦੁਨੀਆਂ ਦੀ ਨੰਬਰ ਇਕ ਸਹਿਕਾਰੀ ਖਾਦ ਸੰਸਥਾ ਇਫਕੋ ਵੱਲੋਂ ਜ਼ਿਲ੍ਹਾ ਫਰੀਦਕੋਟ ਵਿਖੇ ਇੱਕ ਵਿਕਰੀ ਕੇਂਦਰ ਕਰਮਚਾਰੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਸਥਾਨਕ ਮਹਾਰਾਜ ਢਾਬੇ ਵਿਚ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸ. ਹਰਮੇਲ ਸਿੰਘ ਸਿੱਧੂ, ਸਟੇਟ ਮਾਰਕੀਟਿੰਗ ਮੈਨੇਜਰ,ਇਫਕੋ,ਪੰਜਾਬ ਦੁਆਰਾ ਕੀਤੀ ਗਈ। ਇਸ ਪ੍ਰੋਗਰਾਮ ਵਿੱਚ  ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਮੁੱਖ ਮਹਿਮਾਨ ਅਤੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਜਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । 

ਇਸ ਪ੍ਰੋਗਰਾਮ ਵਿਚ ਸਹਿਕਾਰੀ ਸਭਾਵਾਂ ਦੇ ਸਮੂਹ ਸਕੱਤਰ ਸ਼ਾਮਿਲ ਹੋਏ ਅਤੇ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਾਰੇ ,ਨੈਨੋ ਯੂਰੀਆ ਅਤੇ ਡੀ ਏ ਪੀ ਦੀ ਵਿਕਰੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।

ਮੀਟਿੰਗ ਵਿੱਚ ਹਾਜ਼ਰ ਸਕੱਤਰ ਸਹਿਕਾਰੀ ਸਭਾਵਾਂ ਨੂੰ ਸੰਬੋਧਨ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਹਰ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 80 ਫੀਸਦੀ ਸਬਸਿਡੀ ਤੇ ਸਹਿਕਾਰੀ ਸਭਾਵਾਂ ਨੂੰ  ਉਪਲਬਧ ਕਰਵਾਈ ਗਈ ਮਸ਼ੀਨਰੀ ਹਰ ਹਾਲਤ ਵਿੱਚ ਚਾਲੂ ਹਾਲਤ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਇਨਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਲੋਂ ਕੀਤੇ ਫੈਸਲੇ ਮੁਤਾਬਿਕ ਛੋਟੇ ਕਿਸਾਨਾਂ ਵੱਲੋਂ ਖੇਤੀ ਮਸ਼ੀਨਰੀ  ਵਰਤਣ ਦਾ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖਾਦਾਂ ਦੀ ਸਪਲਾਈ ਨਿਰੰਤਰ ਜ਼ਾਰੀ ਰੱਖਣ ਲਈ ਜ਼ਰੂਰੀ ਹੈ ਕਿ  ਪੋਸ ਮਸ਼ੀਨਾਂ  ਅਤੇ ਸਭਾਵਾਂ ਵਿਚ ਭੌਤਿਕੀ ਤੌਰ ਤੇ ਮੌਜੂਦ ਖਾਦਾਂ ਖਾਸ ਕਰਕੇ ਯੂਰੀਆ ਅਤੇ ਡੀ ਏ ਪੀ ਦਾ ਸਟਾਕ ਇਕਸਾਰ ਹੋਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਕੁਝ ਸਭਾਵਾਂ ਦੇ ਸਟਾਕ ਵਿਚ ਫਰਕ ਆ ਰਿਹਾ ਹੈ ,ਜਿਸ ਨੂੰ ਜਲਦ ਤੋਂ ਜਲਦ ਦਰੁਸਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਪੋਸ ਮਸ਼ੀਨਾਂ ਵਿਚ ਸਟਾਕ ਰਹੇਗਾ ਤਾਂ ਖਾਦਾਂ ਦੀ ਸਪਲਾਈ ਪ੍ਰਭਾਵਤ ਹੋ ਸਕਦੀ ਹੈ। 

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਸਮੂਹ ਸਭਾਵਾਂ ਵਿਚ ਖਾਦਾਂ ਮੰਗ ਅਨੁਸਾਰ ਉਪਲਬਧ ਕਰਵਾਈਆਂ ਜਾਣ। 

ਸ੍ਰੀ ਰਾਜਪਾਲ ਸਿੰਘ ਨੇ ਸਭਾਵਾਂ ਨੂੰ ਪੌਸ ਮਸ਼ੀਨਾਂ ਵਿਚ ਮੌਜੂਦ ਵਿਕਰੀ ਹੋ ਚੁੱਕੇ ਖਾਦਾਂ ਦੇ ਸਟਾਕ ਨੂੰ ਕਲੀਅਰ ਕਰਨ  ਅਤੇ ਪੇਮੈਂਟਾਂ ਦਾ ਕੰਮ ਸਮੇਂ ਸਿਰ ਕਰਨ ਦੀ ਅਪੀਲ ਕੀਤੀ ਤਾਂ ਜੋ ਜਿਲ੍ਹੇ ਵਿੱਚ ਖਾਦ ਦੀ ਸਪਲਾਈ ਨਿਰੰਤਰ ਹੋ ਸਕੇ।

 ਰਾਜ ਮੰਡੀਕਰਨ ਪ੍ਰਬੰਧਕ  ਹਰਮੇਲ ਸਿੰਘ ਸਿੱਧੂ  ਨੇ ਸਭਾਵਾਂ ਦੇ ਕਰਮਚਾਰੀਆਂ ਨੂੰ  ਕਿਹਾ ਕਿ ਕਿਸਾਨਾਂ ਨੂੰ ਨੈਨੋ ਯੂਰੀਆ ਅਤੇ  ਡੀ.ਏ.ਪੀ ਦੀ ਵਰਤੋਂ ਬਾਰੇ ਸਮਝਾ ਕੇ ਪ੍ਰੇਰਿਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹਰੇਕ ਮੈਂਬਰ ਨੂੰ ਇਕ ਜਾਂ ਦੋ ਬੋਤਲਾਂ ਤੋਂ ਵੱਧ ਨੈਨੋ ਯੂਰੀਆ ਜਾਂ ਡੀ.ਏ.ਪੀ ਦਿੱਤੀ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਜ਼ਬਰਦਸਤੀ ਕੋਈ ਵੀ ਸਮਗਰੀ ਨਾ ਦਿੱਤੀ ਜਾਵੇ ਤਾਂ ਜੋ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ।

ਉਨ੍ਹਾਂ ਵਿਸਥਾਰ ਦੇ ਵਿੱਚ ਨੈਨੋ ਯੂਰੀਆ ਤੇ ਡੀਏਪੀ ਦੀ ਵਰਤੋਂ, ਫਾਇਦੇ ਅਤੇ ਉਨਾਂ ਦੀ ਗਲੋਬਲ ਸਿਨੈਰੀਓ ਬਾਰੇ ਜ਼ਿਕਰ ਕੀਤਾ ਅਤੇ ਨਾਲ ਹੀ ਜੀਵਾਣੂ ਖਾਦਾਂ  ਦੀ ਮਹੱਤਤਾ ਨੂੰ ਦੱਸਦੇ ਹੋਏ ਬੜੇ ਹੀ ਵਿਸਥਾਰ ਪੂਰਵਕ  ਜਾਣਕਾਰੀ ਦਿੱਤੀ। 

ਸ਼੍ਰੀ ਸ਼ੁਭਮ ਬਾਂਸਲ, ਫੀਲਡ ਅਫਸਰ, ਇਫਕੋ  ਵੱਲੋਂ ਵੀ ਨੈਨੋ ਖਾਦਾਂ ਅਤੇ  ਇਫਕੋ ਦੇ ਹੋਰ ਉਤਪਾਦਾਂ ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਪੀ.ਐਮ ਪ੍ਰਣਾਮ ਯੋਜਨਾ, ਸੰਕਟ ਹਰਨ ਬੀਮਾ ਯੋਜਨਾ ਅਤੇ ਇਫਕੋ ਦੇ ਹੋਰ ਕਈ ਤਰ੍ਹਾਂ ਦੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ  ਅਤੇ ਉਨ੍ਹਾਂ ਨੇ  ਸਭ ਮਹਿਮਾਨਾਂ ਦਾ ਧੰਨਵਾਦ ਕੀਤਾ।