ਫ਼ਰੀਦਕੋਟ 21 ਅਕਤੂਬਰ,2024
ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜ਼ਿਲੇ ਦੀਆ ਮੰਡੀਆ ਵਿੱਚ ਝੋਨੇ ਦੀ ਖਰੀਦ ਦਾ ਕੰਮ ਲਗਾਤਾਰ ਜਾਰੀ ਹੈ ਜਿਲ੍ਹੇ ਦੀਆਂ 68 ਮੰਡੀਆਂ ਅਤੇ 20 ਆਰਜੀ ਖਰੀਦ ਕੇਂਦਰਾਂ ਵਿਚ ਬੀਤੀ ਸ਼ਾਮ ਤੱਕ ਲਗਭਗ 86131 ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋ 62877 ਟਨ ਝੋਨੇ ਦੀ ਵੱਖ-2 ਸਰਕਾਰੀ ਏਜੰਸੀਆਂ ਵੱਲੋ ਖਰੀਦ ਕੀਤੀ ਜਾ ਚੁੱਕੀ ਹੈ। ਇਹਨਾਂ ਖਰੀਦ ਕੇਂਦਰਾਂ ਵਿਚ ਲਗਭਗ 5100 ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ 4953 ਕਿਸਾਨਾਂ ਨੂੰ ਬਣਦੀ 64.18 ਕਰੋੜ ਵਿਚੋ 62.35 ਕਰੋੜ ਦੀ ਅਦਾਇਗੀ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਸੁੱਕਾ ਝੋਨਾ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਉਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਪਰਾਲੀ ਨੂੰ ਅੱਗ ਨਾ ਲਗਾ ਕੇ ਆਪਣਾ ਯੋਗਦਾਨ ਪਾਉਣ।
ਸ੍ਰੀ ਰਾਜ ਰਿਸ਼ੀ ਮਹਿਰਾ, ਡੀ.ਐਫ.ਐਸ.ਸੀ. ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿਚ 70 ਰਾਈਸ ਮਿਲਾਂ ਨੇ ਆਨਲਾਇਨ ਅਲਾਟਮੈਂਟ ਲਈ ਅਪਲਾਈ ਕੀਤਾ ਹੈ, ਜਿਸ ਵਿਚੋ 63 ਰਾਈਸ ਮਿਲਾਂ ਵੱਖ-2 ਏਜੰਸੀਆਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਹਨ। ਇਹਨਾਂ ਰਾਇਸ ਮਿਲਾਂ ਵਿਚੋ 33 ਮਿਲਾਂ ਨੇ ਏਜੰਸੀਆਂ ਨਾਲ ਐਗਰੀਮੈਂਟ ਕਰ ਲਏ ਹਨ। ਇਹਨਾਂ ਸਾਰੀਆਂ ਰਾਇਸ ਮਿਲਾਂ ਨੂੰ ਜਿਲ੍ਹੇ ਦੇ ਵੱਖ-2 ਖਰੀਦ ਕੇਂਦਰਾਂ/ਆਰਜੀ ਫੜ੍ਹਾਂ ਨਾਲ ਲਿੰਕ ਕਰ ਦਿੱਤਾ ਗਿਆ ਹੈ ਤਾਂ ਜੋ ਲਿਫਟਿੰਗ ਦੇ ਕੰਮ ਵਿਚ ਕਿਸੇ ਵੀ ਤਰਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਵਿਚ ਤੇਜੀ ਲਿਆਉਣ ਲਈ ਵੱਖ-2 ਉਪਰਾਲੇ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਨਵੀਆਂ ਰਾਈਸ ਮਿਲਾਂ ਲਈ ਮਿਥੀ ਝੋਨੇ ਦੀ ਮਿਕਦਾਰ ਨੂੰ ਪਹਿਲਾਂ ਤੋ ਸਥਾਪਿਤ ਰਾਈਸ ਮਿਲਾਂ ਦੇ ਬਰਾਬਰ ਕਰ ਦਿੱਤਾ ਗਿਆ ਹੈ। ਰਾਈਸ ਮਿਲਾਂ ਦੀਆਂ ਰਜਿਸਟਰੇਸ਼ਨਾਂ ਸਬੰਧੀ ਵਿਭਾਗੀ ਪੋਰਟਲ ਮੁੜ ਖੋਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰ.ਓ. ਦੀ ਫੀਸ 75 ਰੁ. ਪ੍ਰਤੀ ਟਨ ਤੋ ਘਟਾ ਕੇ 15 ਰੁ. ਪ੍ਰਤੀ ਟਨ ਅਤੇ 50 ਰੁ. ਪ੍ਰਤੀ ਟਨ ਵਾਲੀ ਫੀਸ ਘਟਾ ਕੇ 10 ਰੁ. ਪ੍ਰਤੀ ਟਨ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਰਾਈਸ ਮਿਲ ਮਿਤੀ 21-10-2024 ਰਾਤ 10 ਵਜੇ ਤੱਕ ਆਰ.ਓ. ਅਪਲਾਈ ਕਰ ਦੇਣਗੇ ਅਤੇ ਮਿਤੀ 22-10-24 ਦੇ ਰਾਤ 12 ਵਜੇ ਤੱਕ ਪੈਡੀ ਲਿਫਟ ਕਰਨੀ ਸੁਰੂ ਕਰ ਦੇਣਗੇ, ਉਹਨਾਂ ਦੀ ਉਕਤ ਆਰ.ਓ. ਫੀਸ ਵੀ ਰਿਫੰਡ ਕਰ ਦਿੱਤੀ ਜਾਵੇਗੀ। ਮਿਲਿੰਗ ਕੇਦਰਾਂ ਨੂੰ ਲਿਕਿੰਗ ਪੱਖੋ ਯੁਨਿਟ ਮੰਨਣ ਦੀ ਬਜਾਏ ਜਿਲ੍ਹੇ ਨੂੰ ਹੀ ਇੱਕ ਮਿਲਿੰਗ ਕੇਂਦਰ ਮੰਨਿਆ ਜਾਵੇਗਾ ।
ਰਾਈਸ ਮਿਲਰ ਉਸਨੂੰ ਅਲਾਟਡ (ਵੱਧ ਤੋਂ ਵੱਧ) ਫਰੀ ਪੈਡੀ ਜਾਂ ਕੇਦਰ ਕੱਟ ਉਪਰੰਤ ਲਿੰਕ ਕੀਤੀ ਪੈਡੀ ਦੀ ਮਿਕਦਾਰ ਤੋ ਘੱਟ ਪੈਡੀ ਸਟੋਰ ਕਰਨਾ ਚਾਹੁੰਦੇ ਹਨ ਤਾਂ ਇਹ ਆਪਸ਼ਨ ਦਿੱਤੀ ਗਈ ਹੈ, ਭਾਵ ਮਿਲਰ ਆਪਣੀ ਮਰਜੀ ਮੁਤਾਬਕ ਅਲਾਟਡ ਲਿੰਕਡ ਪੈਡੀ ਸਟੋਰ ਕਰਨ ਤੋ ਬਾਅਦ ਬਾਕੀ ਬਚਦੀ ਅਲਾਟਡ ਪੈਡੀ ਨੂੰ ਰੀਲਿਜ ਆਰਡਰ ਪੈਡੀ ਦੇ ਰੂਪ ਵਿਚ ਬਦਲ ਸਕਦਾ ਹੈ। ਆੜਤੀਏ ਆਪਣੀ ਆੜਤ ਦਾ ਝੋਨਾ ਆਪਣੇ ਖੁਦ ਦੇ ਅਲਾਟਡ ਰਾਈਸ ਮਿਲ ਵਿਚ ਲਗਾ ਸਕਦਾ ਹੈ।
ਉਨ੍ਹਾਂ ਸਮੂਹ ਮਿਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਾਈਸ ਮਿਲਾਂ ਨੂੰ ਜਲਦ ਵਿਭਾਗ ਨਾਲ ਅਲਾਟ ਕਰਵਾਉਣ ਤਾਂ ਜੋ ਝੋਨੇ ਦੀ ਖਰੀਦ ਅਤੇ ਲਿਫਟਿੰਗ ਵਿਚ ਤੇਜੀ ਲਿਆਈ ਜਾ ਸਕੇ।