ਚੰਡੀਗੜ੍ਹ, 10 ਅਕਤੂਬਰ: ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ ਕੈਡਿਟਾਂ ਵੱਲੋਂ ਐਨ.ਡੀ.ਏ. (II) ਲਿਖਤੀ ਪ੍ਰੀਖਿਆ ਵਿੱਚ 87.7 ਫ਼ੀਸਦ ਰਿਕਾਰਡਤੋੜ ਸਫ਼ਲਤਾ ਦਰਜ ਕਰਕੇ ਇਤਿਹਾਸ ਰਚਿਆ ਗਿਆ ਹੈ। ਇਸ ਸੰਸਥਾ ਦੇ 65 ਕੈਡਿਟਾਂ ਵਿੱਚੋਂ 57 ਕੈਡਿਟ ਐਨ.ਡੀ.ਏ. (II) ਲਿਖਤੀ ਪ੍ਰੀਖਿਆ ਪਾਸ ਕਰਕੇ ਜੂਨ 2027 ਵਿੱਚ ਸ਼ੁਰੂ ਹੋਣ ਵਾਲੇ ਵੱਕਾਰੀ ਐਨ.ਡੀ.ਏ.-158 ਕੋਰਸ ਲਈ ਕੁਆਲੀਫਾਈ ਕਰ ਗਏ ਹਨ।

ਰੈਗੂਲਰ ਕੈਡਿਟਾਂ ਤੋਂ ਇਲਾਵਾ, ਸੰਸਥਾ ਵਿੱਚ ਦੋ ਮਹੀਨੇ ਦੇ ਕਰੈਸ਼ ਕੋਰਸ ਵਿੱਚ ਸ਼ਾਮਲ ਹੋਣ ਵਾਲੇ 30 ਵਿੱਚੋਂ 7 ਉਮੀਦਵਾਰਾਂ ਨੇ ਵੀ ਇਸ ਵੱਕਾਰੀ ਪ੍ਰੀਖਿਆ ਨੂੰ ਪਾਸ ਕੀਤੀ ਹੈ। ਸਫ਼ਲ ਕੈਡਿਟ ਹੁਣ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਦਾਖ਼ਲੇ ਲਈ ਬੇਹੱਦ ਅਹਿਮ ਪੜਾਅ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸ.ਐੱਸ.ਬੀ.) ਇੰਟਰਵਿਊ ਵਿੱਚ ਹਿੱਸਾ ਲੈਣਗੇ।

ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ, “ਇਹ ਨੌਜਵਾਨ ਪੰਜਾਬ ਦਾ ਮਾਣ ਹਨ। ਉਨ੍ਹਾਂ ਦੀ ਲਗਨ ਅਤੇ ਸਖ਼ਤ ਮਿਹਨਤ ਨੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਮੈਂ ਉਨ੍ਹਾਂ ਨੂੰ ਆਗਾਮੀ ਐੱਸ.ਐੱਸ.ਬੀ. ਇੰਟਰਵਿਊ ਅਤੇ ਅੱਗੇ ਦੀ ਸਖ਼ਤ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਨਤੀਜਾ ਭਾਰਤੀ ਹਥਿਆਰਬੰਦ ਸੈਨਾਵਾਂ ਲਈ ਦੇਸ਼ ਦੇ ਮੋਹਰੀ ਫੀਡਰ ਸੰਸਥਾਨ ਵਜੋਂ ਐਮ.ਆਰ.ਐਸ.ਏ.ਐਫ.ਪੀ.ਆਈ. ਦੀ ਸ਼ਾਖ ਨੂੰ ਹੋਰ ਮਜ਼ਬੂਤ ਕਰਦਾ ਹੈ। ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਉਸ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਤੀਕ ਹੈ, ਜਿਸ ਤਹਿਤ ਸੂਬੇ ਦੀ ਨੌਜਵਾਨ ਸ਼ਕਤੀ ਨੂੰ ਰੱਖਿਆ ਸੇਵਾਵਾਂ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਦੇਸ਼ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿਸ਼ਵ ਪੱਧਰੀ ਸਿਖਲਾਈ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ, ਵੀ.ਐੱਸ.ਐੱਮ. (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਗਾਮੀ ਐੱਸ.ਐੱਸ.ਬੀ. ਇੰਟਰਵਿਊ ਲਈ ਵੀ ਅਜਿਹਾ ਹੀ ਉਤਸ਼ਾਹ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਪ੍ਰੇਰਿਆ। ਉਨ੍ਹਾਂ ਸਮਰਪਿਤ ਫੈਕਲਟੀ ਅਤੇ ਸਟਾਫ਼ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਅਣਥੱਕ ਯਤਨਾਂ ਅਤੇ ਨਿੱਠ ਕੇ ਕੀਤੀ ਮਿਹਨਤ ਸਦਕਾ ਇਹ ਅਹਿਮ ਸਫ਼ਲਤਾ ਯਕੀਨੀ ਬਣਾਈ ਜਾ ਸਕੀ ਹੈ।

ਸੰਸਥਾ ਦੇ ਸ਼ਾਨਦਾਰ ਰਿਕਾਰਡ ਨੂੰ ਉਜਾਗਰ ਕਰਦਿਆਂ ਡਾਇਰੈਕਟਰ ਨੇ ਦੱਸਿਆ ਕਿ ਸੰਸਥਾ ਦੇ 15 ਕੈਡਿਟ ਦਸੰਬਰ 2026 ਵਿੱਚ ਸ਼ੁਰੂ ਹੋਣ ਵਾਲੇ ਐੱਨ.ਡੀ.ਏ., ਟੀ.ਈ.ਐੱਸ. ਅਤੇ ਨੇਵਲ ਅਕੈਡਮੀ ਕੋਰਸਾਂ ਵਿੱਚ ਸ਼ਾਮਲ ਹੋਣ ਲਈ ਕਾਲ ਲੈਟਰਾਂ ਦੀ ਉਡੀਕ ਕਰ ਰਹੇ ਹਨ।