* ਐਸ.ਏ.ਐਸ.ਨਗਰ, 15 ਨਵੰਬਰ, 2024: ਪਿਛਲੇ ਸਾਲਾਂ ਵਿੱਚ “ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ” ਦੇ ਸਫਲ ਆਯੋਜਨ ਤੋਂ ਬਾਅਦ, ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ਕੰਮ ਕਰ ਰਹੇ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਸਾਲ 2023-24 ਦਾ ਚੌਥਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਇਸ ਸਾਲ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਤਹਿਤ 180 ਟੀਮ ਲੀਡਰਾਂ ਸਮੇਤ 1800 ਕਸ਼ਮੀਰੀ ਨੌਜਵਾਨਾਂ ਨੂੰ ਦੇਸ਼ ਦੇ 15 ਮਹੱਤਵਪੂਰਨ ਥਾਵਾਂ ‘ਤੇ ਦੌਰੇ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਇਸ ਸਬੰਧ ਵਿੱਚ, ਨਹਿਰੂ ਯੁਵਾ ਕੇਂਦਰ,ਆਈਸਰ ਐੱਸ ਏ ਐੱਸ ਨਗਰ, ਮੋਹਾਲੀ ਵਿਖੇ ਇੰਡੀਅਨ ਇੰਸਟੀਟਿਊਟ ਆਫ਼ ਸਾਇੰਸ ਐਜੂਕੇਸ਼ਨਲ ਐਂਡ ਰੀਸਰਚ ਮੋਹਾਲੀ ਵਿਖੇ 16 ਤੋਂ 21 ਨਵੰਬਰ 2024 ਤੱਕ ਇੱਕ 6-ਦਿਨਾ “ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ” ਦਾ ਆਯੋਜਨ ਕਰ ਰਿਹਾ ਹੈ। ਇਸ ਪ੍ਰੋਗਰਾਮ ਵਿੱਚ, ਕਸ਼ਮੀਰ ਘਾਟੀ ਦੇ 6 ਚੁਣੇ ਹੋਏ ਜ਼ਿਲ੍ਹਿਆਂ (ਅਨੰਤਨਾਗ, ਕੁਪਵਾੜਾ, ਬਾਰਾਮੂਲਾ, ਬਡਗਾਮ, ਸ਼੍ਰੀਨਗਰ ਅਤੇ ਪੁਲਵਾਮਾ) ਦੇ 18-22 ਸਾਲ ਦੀ ਉਮਰ ਦੇ 120 ਕਸ਼ਮੀਰੀ ਨੌਜਵਾਨ , 12 ਟੀਮ ਲੀਡਰਾਂ ਦੇ ਨਾਲ ਮੇਜ਼ਬਾਨ ਰਾਜ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਪੜਚੋਲ ਕਰਨ ਲਈ ਹਿੱਸਾ ਲੈਣਗੇ। ਪ੍ਰੋਗਰਾਮ ਦਾ ਉਦੇਸ਼ ਭਾਗੀਦਾਰਾਂ ਨੂੰ ਕਸ਼ਮੀਰ ਘਾਟੀ ਦੇ ਨੌਜਵਾਨਾਂ ਵਿੱਚ ਰਾਸ਼ਟਰੀ ਏਕਤਾ, ਅਖੰਡਤਾ ਅਤੇ ਸ਼ਾਂਤੀ ਦੇ ਸਮਰਥਕਾਂ ਵਜੋਂ ਕੰਮ ਕਰਨ ਲਈ ਅਤੇ ਪ੍ਰਤੀਭਾਗੀਆਂ ਨੂੰ ਦੇਸ਼ ਦੇ ਸੱਭਿਆਚਾਰਕ, ਉਦਯੋਗਿਕ, ਇਤਿਹਾਸਕ, ਧਾਰਮਿਕ ਅਤੇ ਵਿਦਿਅਕ ਰੁਚੀ ਦੇ ਵੱਖ-ਵੱਖ ਸਥਾਨਾਂ ਦਾ ਦੌਰਾ ਕਰਨ ਦੇ ਮੌਕੇ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਨਾ ਅਤੇ ਸੰਵੇਦਨਸ਼ੀਲ ਬਣਾਉਣਾ ਹੈ। ਨਾਲ ਹੀ, ਕਸ਼ਮੀਰੀ ਨੌਜਵਾਨਾਂ ਨੂੰ ਤਕਨੀਕੀ ਅਤੇ ਉਦਯੋਗਿਕ ਉੱਨਤੀ ਵਿੱਚ ਮੌਕੇ ਪ੍ਰਦਾਨ ਕਰਨ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਵਿਕਾਸ ਗਤੀਵਿਧੀਆਂ, ਹੁਨਰ ਵਿਕਾਸ, ਵਿਦਿਅਕ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਉਪਲਬਧਤਾ ‘ਤੇ ਧਿਆਨ ਦਿਵਾਇਆ ਜਾਵੇਗਾ। ਇਹ ਡੈਲੀਗੇਟ ਪੰਜਾਬ ਵਿਧਾਨ ਸਭਾ, ਚੱਪੜਚਿੜੀ, ਛੱਤਬੀੜ ਚਿੜੀਆਘਰ, ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਆਦਿ ਦਾ ਦੌਰਾ ਕਰਨਗੇ ਅਤੇ “ਸਵੱਛਤਾ ਹੀ ਸੇਵਾ” ਅਤੇ “ਏਕ ਪੇਡ ਮਾਂ ਕੇ ਨਾਮ” ਵਰਗੀਆਂ ਮੁਹਿੰਮਾਂ ਵਿੱਚ ਵੀ ਹਿੱਸਾ ਲੈਣਗੇ। ਕਸ਼ਮੀਰੀ ਨੌਜਵਾਨਾਂ ਲਈ ਭਾਰਤ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮਾਂ, ਲੀਡਰਸ਼ਿਪ ਹੁਨਰ, ਕਰੀਅਰ ਗਾਈਡੈਂਸ ਅਤੇ ਕਾਉਂਸਲਿੰਗ, ਉੱਦਮਤਾ ਆਦਿ ਬਾਰੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਜਾਣਗੇ। ਗਰੁੱਪ 21 ਨਵੰਬਰ 2024 ਨੂੰ ਵਾਪਸ ਆਵੇਗਾ।