ਲੁਧਿਆਣਾ, 15 ਫਰਵਰੀ – ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਸੀ.ਐਸ.ਆਰ. ਪਹਿਲਕਦਮੀ ਅਤੇ ਪ੍ਰੋਜੈਕਟ ਨਾਰੀ ਸ਼ਕਤੀ ਤਹਿਤ ਹੁਨਰ ਵਿਕਾਸ ਕੇਂਦਰ (ਮਿੰਨੀ ਸਕੱਤਰੇਤ ਲੁਧਿਆਣਾ ਅਤੇ ਹੰਬੜਾਂ ਰੋਡ ਵਿਖੇ) ਚਲਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ 3.6 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ।
ਕੰਪਨੀ ਦੇ ਸੀਨੀਅਰ ਮੈਨੇਜਰ ਸੀ.ਐਸ.ਆਰ. ਅਮਿਤ ਧਵਨ ਨੇ ਚੈੱਕ ਸੌਂਪਿਆ। ਉਨ੍ਹਾਂ ਕਿਹਾ ਕਿ ਵਰਧਮਾਨ ਸਪੈਸ਼ਲ ਸਟੀਲਜ਼ ਲੋੜਵੰਦ ਔਰਤਾਂ ਨੂੰ ਸਿਲਾਈ ਦੇ ਹੁਨਰਮੰਦ ਬਣਾਉਣ ਵਿੱਚ ਸਹਿਯੋਗ ਵਜੋਂ ਸਾਲਾਨਾ 7.2 ਲੱਖ ਰੁਪਏ ਦੀ ਸਹਾਇਤਾ ਨਾਲ ਜ਼ਿਲ੍ਹਾ ਹੁਨਰ ਵਿਕਾਸ ਕੇਂਦਰਾਂ ਦੀ ਸਹਾਇਤਾ ਕਰੇਗੀ, ਜਿਸ ਨਾਲ ਉਹ ਇੱਕ ਸੁੰਦਰ ਜੀਵਨ ਕਮਾਉਣ ਦੇ ਯੋਗ ਬਣ ਸਕਣ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਵਰਧਮਾਨ ਸਪੈਸ਼ਲ ਸਟੀਲਜ਼ ਬੁੱਢਾ ਦਰਿਆ ਦੇ ਨਾਲ-ਨਾਲ ਮਿਆਵਾਕੀ ਜੰਗਲ ਦੇ 2.5 ਏਕੜ ਦੇ ਵਿਕਾਸ ਲਈ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਵਲ ਭਰਪੂਰ ਸ਼ਹਿਰੀ ਜੰਗਲੀ ਖੇਤਰਾਂ ਦੇ ਵਿਕਾਸ ਲਈ ਪ੍ਰਸ਼ਾਸਨ ਨਾਲ ਸਮਝੌਤਾ ਕਰਨ ਦੇ ਅੰਤਮ ਪੜਾਅ ਵਿੱਚ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਨੇਕ ਕਾਰਜ ਲਈ ਵਰਧਮਾਨ ਸਪੈਸ਼ਲ ਸਟੀਲਜ਼ ਦੀ ਮੈਨੇਜਮੈਂਟ ਅਤੇ ਇਸ ਦੇ ਵਾਈਸ ਚੇਅਰਮੈਨ ਸਚਿਤ ਜੈਨ, ਸੌਮਿਆ ਜੈਨ ਅਤੇ ਆਰ.ਕੇ. ਰੇਵਾੜੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।