2025-26 ਦੌਰਾਨ 2100 ਹੈਕਟੇਅਰ ਰਕਬਾ ਜੰਗਲਾਤ ਹੇਠ ਲਿਆਂਦਾ ਜਾਵੇਗਾ

Politics Punjab


ਚੰਡੀਗੜ੍ਹ, 2 ਮਾਰਚ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਕੇ ਜੰਗਲਾਤ ਹੇਠ ਰਕਬਾ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਸਾਫ਼ ਅਤੇ ਹਰਿਆ-ਭਰਿਆ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ।

ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ  ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਨਿਰੰਤਰ ਤੇ ਸੁਹਿਰਦ ਯਤਨ ਕੀਤੇ ਜਾ ਰਹੇ ਹਨ। ‘ਦ ਪੰਜਾਬ ਸਟੇਟ ਕੰਪਨਸੇਟਰੀ ਏਫੌਰੈਸਟੇਸ਼ਨ  ਫੰਡ ਮੈਨੇਜਮੈਂਟ ਐਂਡ ਪਲੈਨਿੰਗ ਅਥਾਰਿਟੀ’ (ਪਨਕੈਂਪਾ) ਸਕੀਮ ਤਹਿਤ, ਸਾਲ 2025-26 ਲਈ ਸਾਲਾਨਾ ਸੰਚਾਲਨ ਯੋਜਨਾ (ਏ.ਪੀ.ਓ.) ਨੂੰ ਰਾਜ ਅਥਾਰਟੀ ਦੀ ਸਟੀਅਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਅੰਤਿਮ ਪ੍ਰਵਾਨਗੀ ਲਈ ਰਾਸ਼ਟਰੀ ਅਥਾਰਟੀ, ਨਵੀਂ ਦਿੱਲੀ ਨੂੰ ਸੌਂਪ ਦਿੱਤਾ ਗਿਆ ਹੈ। ਸਾਲ 2025-26 ਦੌਰਾਨ 2100 ਹੈਕਟੇਅਰ ਰਕਬੇ ਨੂੰ ਜੰਗਲਾਤ ਹੇਠ ਲਿਆਉਣ ਦਾ ਪ੍ਰਸਤਾਵ ਹੈ। ਸਾਲ 2024-25 ਦੌਰਾਨ, 1932 ਹੈਕਟੇਅਰ ਖੇਤਰ ਵਿੱਚ ਬੂਟੇ ਲਗਾਏ ਗਏ ਸਨ।

ਗੌਰਤਲਬ ਹੈ ਕਿ ਕੇਂਦਰ ਸਰਕਾਰ ਵਲੋਂ ਬਣਾਏ ਗਏ ਕੰਪਨਸੇਟਰੀ ਏਫੌਰੈਸਟੇਸ਼ਨ ਫੰਡ ਐਕਟ, 2016 ਅਤੇ ਕੰਪਨਸੇਟਰੀ ਏਫੌਰੈਸਟੇਸ਼ਨ ਫੰਡ ਰੂਲਜ਼, 2018 ਦੇ ਉਪਬੰਧਾਂ ਤਹਿਤ ਹਰ ਸਾਲ ਰਾਜ ਅਥਾਰਟੀ (ਸੀਏਐਮਪੀਏ) ਦੀ ਸੰਚਾਲਨ ਯੋਜਨਾ ਤਿਆਰ ਕੀਤੀ ਜਾਂਦੀ ਹੈ ਅਤੇ ਇਸਨੂੰ ਸਟੀਅਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਰਾਸ਼ਟਰੀ ਅਥਾਰਿਟੀ, ਨਵੀਂ ਦਿੱਲੀ ਵੱਲੋਂ ਅੰਤਿਮ ਪ੍ਰਵਾਨਗੀ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪ੍ਰਵਾਨਿਤ ਏ.ਪੀ.ਓ. ਅਨੁਸਾਰ ਸਿਰਫ਼ ਜੰਗਲਾਤ ਖੇਤਰ ਵਿੱਚ ਹੀ ਬੂਟੇ ਲਗਾਏ ਜਾਂਦੇ ਹਨ।

Leave a Reply

Your email address will not be published. Required fields are marked *