ਲੋਕ ਸਭਾ ਹਲਕਾ ਬਠਿੰਡਾ ਚ 1639160 ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ : ਜ਼ਿਲ੍ਹਾ ਚੋਣ ਅਫ਼ਸਰ

Bathinda

ਬਠਿੰਡਾ, 20 ਮਾਰਚ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰ. ਜਸਪ੍ਰੀਤ ਸਿੰਘ ਨੇ ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ ਆਰਓ, ਏਆਰਓਜ ਤੇ ਪੁਲ਼ਿਸ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕਰਕੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਆਰਓ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਹਰਪ੍ਰੀਤ ਸਿੰਘ ਸੁਦਨ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਕੋਆਰਡੀਨੇਸ਼ਨ ਕਮੇਟੀ ਦੀ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ ਸਮੂਹ ਏਆਰਓਜ਼ ਨੂੰ ਅਪੀਲ ਕੀਤੀ ਕਿ ਸਮੁੱਚੀ ਚੋਣ ਪ੍ਰਕਿਰਿਆ ਨੂੰ ਪੂਰੀ ਤਨਦੇਹੀ ਤੇ ਜਿੰਮੇਵਾਰੀ ਨਾਲ ਨੇਪਰੇ ਚੜ੍ਹਾਉਣ ਦੇ ਮੱਦੇਨਜ਼ਰ ਆਪਣੀਆਂ ਤਿਆਰੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ-ਮੱਠ ਨਾ ਵਰਤੀ ਜਾਵੇ। ਇਸ ਮੌਕੇ ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਖਾਸ ਅਪੀਲ ਕਰਦਿਆਂ ਕਿਹਾ ਕਿ ਕਾਨੂੰਨ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇ।

ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ 83-ਲੰਬੀ, 91-ਭੁੱਚੋ ਮੰਡੀ (ਐਸਸੀ), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ) (ਐਸਸੀ), 94-ਤਲਵੰਡੀ ਸਾਬੋ, 95-ਮੌੜ, 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਐਸਸੀ) ਚ ਕੁੱਲ 1814 ਪੋਲਿੰਗ ਸਟੇਸ਼ਨ ਹਨ ਅਤੇ ਵੋਟਰਾਂ ਦੀ ਗਿਣਤੀ 16 ਲੱਖ 39 ਹਜ਼ਾਰ 160 ਹੈ। ਇਨ੍ਹਾਂ ਵਿਚ 8 ਲੱਖ 64 ਹਜ਼ਾਰ 129 ਮਰਦ ਵੋਟਰ, 7 ਲੱਖ 74 ਹਜ਼ਾਰ 997 ਔਰਤ ਵੋਟਰ ਹਨ। ਇਸ ਤੋਂ ਇਲਾਵਾ 34 ਟਰਾਂਸਜੈਂਡਰ ਵੋਟਰ ਹਨ।

ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਬਠਿੰਡਾ ਲੋਕ ਸਭਾ ਹਲਕੇ ਚ ਸ਼ਾਮਲ ਹਲਕਾ ਵਾਇਜ਼ ਵੋਟਰਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਲੰਬੀ ਚ ਕੁੱਲ ਵੋਟਰ 163175, ਭੁੱਚੋ ਮੰਡੀ ਚ 182350, ਬਠਿੰਡਾ (ਸ਼ਹਿਰੀ) 226901, ਬਠਿੰਡਾ (ਦਿਹਾਤੀ) 156788, ਤਲਵੰਡੀ ਸਾਬੋ 155932, ਮੌੜ 163799, ਮਾਨਸਾ 215162, ਸਰਦੂਲਗੜ੍ਹ 181233 ਅਤੇ ਬੁਢਲਾਡਾ ਚ 193820 ਵੋਟਰ ਸ਼ਾਮਲ ਹਨ।

        ਜ਼ਿਲ੍ਹਾ ਚੋਣ ਅਫ਼ਸਰ ਨੇ ਬਠਿੰਡਾ ਲੋਕ ਸਭਾ ਹਲਕੇ ਚ ਪੈਂਦੇ 1814 ਪੋਲਿੰਗ ਬੂਥਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਬੀ ਚ 177 ਪੋਲਿੰਗ ਬੂਥ ਹਨ। ਇਸੇ ਤਰ੍ਹਾਂ ਭੁੱਚੋ ਮੰਡੀ (ਐਸਸੀ) ਚ 203, ਬਠਿੰਡਾ (ਸ਼ਹਿਰੀ) ਚ 244, ਬਠਿੰਡਾ (ਦਿਹਾਤੀ) (ਐਸਸੀ) 170, ਤਲਵੰਡੀ ਸਾਬੋ ਚ 179, ਮੌੜ ਚ 196, ਮਾਨਸਾ ਚ 223, ਸਰਦੂਲਗੜ੍ਹ ਚ 206 ਅਤੇ ਬੁਢਲਾਡਾ (ਐਸਸੀ) ਚ 216 ਪੋਲਿੰਗ ਬੂਥ ਸ਼ਾਮਲ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 18ਵੀਂ ਲੋਕ ਸਭਾ ਮੈਬਰਾਂ ਦੀ ਚੋਣ ਲਈ 1 ਜੂਨ 2024 ਨੂੰ ਵੋਟਾਂ ਪੈਣਗੀਆਂ ਅਤੇ ਗਿਣਤੀ 4 ਜੂਨ 2024 ਨੂੰ ਹੋਵੇਗੀ। ਜਦਕਿ 7 ਮਈ ਤੋਂ 14 ਮਈ, 2024 ਤੱਕ ਨਾਮਜ਼ਦਗੀ ਪੱਤਰ ਸਵੇਰੇ 11 ਤੋਂ 3 ਵਜੇ ਤੱਕ ਦਫ਼ਤਰ ਡਿਪਟੀ ਕਮਿਸ਼ਨਰ (ਅਦਾਲਤੀ ਕਮਰੇ) ਚ ਦਫ਼ਤਰੀ ਕੰਮ-ਕਾਜ ਵਾਲੇ ਦਿਨਾਂ ਦੌਰਾਨ ਹੀ ਦਾਖਲ ਕੀਤੇ ਜਾ ਸਕਣਗੇ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਤੇ ਭਰੇ ਗਏ ਕਾਗਜਾਂ ਦੀ ਵਾਪਸੀ 17 ਮਈ ਤੱਕ ਹੋ ਸਕੇਗੀ।

ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ-2024 ਨੂੰ ਸਾਂਤਮਈ ਢੰਗ ਅਤੇ ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਨੇਪਰੇ ਚੜਾਉਣ ਫਲਾਇੰਗ ਸਕਿਊਆਇਰਡ, ਵੀਡੀਓ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਸਥਾਪਤ ਕੀਤੀਆਂ ਗਈਆਂ।

ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਆਪਣੀ ਵੋਟ ਦੇ ਅਧਿਕਾਰ ਦਾ ਸੁਤੰਤਰ, ਨਿਰਪੱਖ, ਸ਼ਾਂਤਮਈ, ਬਿਨਾਂ ਡਰ ਭੈਅ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਇਸਤੇਮਾਲ ਕਰਨਾ ਚਾਹੀਦਾ ਹੈ।

ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਵਿਸ਼ੇਸ ਤੌਰ ’ਤੇ ਨੌਜਵਾਨ ਵੋਟਰਾਂ ਅਤੇ ਪਹਿਲੀ ਵਾਰ ਰਜਿਸਟਰ ਹੋਏ ਵੋਟਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਲੋਕ ਸਭਾ ਚੋਣਾਂ-2024 ਦੌਰਾਨ ਆਪਣੀ ਵੋਟ ਦੇ ਅਧਿਕਾਰ ਦੀ ਲਾਜ਼ਮੀ ਵਰਤੋ ਕਰਨ।

ਇਸ ਮੌਕੇ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਬਘੀਰਥ ਸਿੰਘ ਮੀਨਾ, ਨੋਡਲ ਅਫ਼ਸਰ ਮਾਡਲ ਕੋਡ ਆਫ਼ ਕੰਡਕਟ (ਐਮ.ਸੀ.ਸੀ.) ਅਤੇ ਸ਼ਿਕਾਇਤ ਸੈੱਲ-ਕਮ-ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਲਤੀਫ਼ ਅਹਿਮਦ ਤੋਂ ਇਲਾਵਾ ਲੋਕ ਸਭਾ ਹਲਕਾ ਬਠਿੰਡੇ ਨਾਲ ਸਬੰਧਤ ਸਮੂਹ ਏਆਰਓਜ਼ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਆਦਿ ਹਾਜ਼ਰ ਸਨ।